ਟਿਊਸ਼ਨ ''ਤੇ ਜਾ ਰਹੇ 3 ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰਿਕਸ਼ਾ ਚਾਲਕ ਗ੍ਰਿਫਤਾਰ
Monday, Dec 11, 2017 - 09:45 AM (IST)
ਚੰਡੀਗੜ (ਸੁਸ਼ੀਲ) - ਟਿਊਸ਼ਨ 'ਤੇ ਜਾ ਰਹੇ 3 ਨਾਬਾਲਗ ਬੱਚਿਆਂ ਨੂੰ ਰਿਕਸ਼ੇ 'ਤੇ ਬਿਠਾ ਕੇ ਰਿਕਸ਼ੇ ਵਾਲਾ ਜਬਰੀ ਧਨਾਸ ਵੱਲ ਲੈ ਕੇ ਜਾਣ ਲੱਗਾ ਤਾਂ ਬੱਚਿਆਂ ਨੇ ਰੌਲਾ ਪਾ ਦਿੱਤਾ। ਇਸ 'ਤੇ ਲੋਕਾਂ ਨੇ ਰਿਕਸ਼ਾ ਚਾਲਕ ਨੂੰ ਦਬੋਚ ਲਿਆ। ਲੋਕਾਂ ਮੁਤਾਬਕ ਰਿਕਸ਼ਾ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਬੱਚਿਆਂ ਦੇ ਟਿਊਸ਼ਨ ਨਾ ਪਹੁੰਚਣ ਦੀ ਜਾਣਕਾਰੀ ਉਨ੍ਹਾਂ ਦੇ ਪਿਤਾ ਨੂੰ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਸਾਰੰਗਪੁਰ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰਿਕਸ਼ਾ ਚਾਲਕ ਨੂੰ ਕਾਬੂ ਕਰਕੇ ਥਾਣੇ ਪਹੁੰਚਾਇਆ।
ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਟਿਊਸ਼ਨ ਪੜ੍ਹਨ ਲਈ ਖੁੱਡਾ ਲਾਹੌਰਾ ਜਾਣਾ ਸੀ ਪਰ ਰਿਕਸ਼ਾ ਚਾਲਕ ਜ਼ਬਰਦਸਤੀ ਉਨ੍ਹਾਂ ਨੂੰ ਧਨਾਸ ਵੱਲ ਲਿਜਾ ਰਿਹਾ ਸੀ। ਬੱਚਿਆਂ ਦੇ ਪਿਤਾ ਮੁਤਾਬਕ ਉਹ ਰਿਕਸ਼ਾ ਚਾਲਕ ਨੂੰ ਨਹੀਂ ਜਾਣਦਾ। ਸਾਰੰਗਪੁਰ ਥਾਣਾ ਪੁਲਸ ਨੇ ਰਿਕਸ਼ਾ ਚਾਲਕ ਧਨਾਸ ਵਾਸੀ ਮੁੰਨਾ ਦਾ ਸੈਕਟਰ-16 ਜਨਰਲ ਹਸਪਤਾਲ 'ਚ ਮੈਡੀਕਲ ਕਰਵਾਇਆ, ਜਿਸ 'ਚ ਮੰਨਾ ਰਿਕਸ਼ਾ ਚਾਲਕ ਦੇ ਸ਼ਰਾਬ ਪੀਣ ਦੀ ਪੁਸ਼ਟੀ ਕੀਤੀ ਗਈ।
ਸਾਰੰਗਪੁਰ ਥਾਣਾ ਪੁਲਸ ਨੇ ਖੁੱਡਾ ਲਾਹੌਰਾ ਵਾਸੀ ਮਿੰਟੂ ਦੀ ਸ਼ਿਕਾਇਤ 'ਤੇ ਰਿਕਸ਼ਾ ਚਾਲਕ 'ਤੇ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਖੁੱਡਾ ਲਾਹੌਰਾ ਵਾਸੀ ਮਿੰਟੂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੇ 5 ਤੇ 6 ਸਾਲ ਦੇ ਦੋ ਬੱਚੇ ਤੇ ਇਕ ਗੁਆਂਢੀ ਦਾ ਬੱਚਾ ਘਰੋਂ ਥੋੜ੍ਹੀ ਹੀ ਦੂਰੀ 'ਤੇ ਟਿਊਸ਼ਨ ਪੜ੍ਹਦੇ ਹਨ। 8 ਦਸੰਬਰ ਦੀ ਸ਼ਾਮ ਨੂੰ ਬੱਚੇ ਪੈਦਲ ਹੀ ਟਿਊਸ਼ਨ 'ਤੇ ਜਾ ਰਹੇ ਸਨ ਤਾਂ ਇਕ ਰਿਕਸ਼ਾ ਚਾਲਕ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾਥਾਣਾ ਮੁਖੀ ਸ਼ਾਦੀ ਲਾਲ ਨੇ ਦੱਸਿਆ ਕਿ ਤਿੰਨ ਬੱਚਿਆਂ ਨੂੰ ਰਿਕਸ਼ਾ ਚਾਲਕ ਨੇ ਅਗਵਾ ਕੀਤਾ ਹੈ। ਪੁਲਸ ਨੇ ਜਾਂਚ ਤੋਂ ਬਾਅਦ ਰਿਕਸ਼ਾ ਚਾਲਕ 'ਤੇ ਕੇਸ ਦਰਜ ਕਰ ਲਿਆ ਹੈ।