ਟਿਊਸ਼ਨ ਪੜ੍ਹ ਕੇ ਘਰ ਆ ਰਹੇ ਮਾਸੂਮ ਬੱਚੇ ਨੂੰ ਪਾਲਤੂ ਕੁੱਤੇ ਨੇ ਬਣਾਇਆ ਸ਼ਿਕਾਰ ; ਚਿਹਰੇ 'ਤੇ ਲੱਗੇ 12 ਟਾਂਕੇ
Tuesday, Nov 05, 2024 - 08:41 PM (IST)
ਲੁਧਿਆਣਾ (ਗਣੇਸ਼)- ਲੁਧਿਆਣਾ ਦੇ ਥਾਣਾ ਟਿੱਬਾ ਅਧੀਨ ਆਉਂਦੇ ਨਿਊ ਸ਼ੰਕਰ ਕਾਲੋਨੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਟਿਊਸ਼ਨ ਤੋਂ ਘਰ ਪਰਤ ਰਹੇ ਇਕ ਮਾਸੂਮ ਬੱਚੇ ਨੂੰ ਪਾਲਤੂ ਕੁੱਤੇ ਨੇ ਵੱਢ ਲਿਆ। ਕੁੱਤੇ ਨੇ ਬੱਚੇ ਦੇ ਮੂੰਹ 'ਤੇ ਹਮਲਾ ਕੀਤਾ, ਜਿਸ ਕਾਰਨ ਬੱਚੇ ਦਾ ਮੂੰਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਹੋਏ ਬੱਚੇ ਦੀ ਪਛਾਣ ਰਾਜਵੀਰ (9) ਵਜੋਂ ਹੋਈ ਹੈ।
ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ ਰਾਜਵੀਰ ਦੇ ਪਿਤਾ ਨੇ ਦੱਸਿਆ ਕਿ ਉਹ ਸਾਈਕਲ ਰਿਪੇਅਰ ਦਾ ਕੰਮ ਕਰਦੇ ਹਨ। ਉਹ ਉਸ ਸਮੇਂ ਦੁਕਾਨ 'ਤੇ ਹੀ ਕੰਮ ਕਰ ਰਹੇ ਸਨ, ਜਦੋਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਸ ਦੇ ਬੱਚੇ ਨੂੰ ਕੁੱਤੇ ਨੇ ਵੱਢ ਲਿਆ ਹੈ, ਜਿਸ ਮਗਰੋਂ ਉਹ ਤੁਰੰਤ ਘਟਨਾ ਵਾਲੀ ਜਗ੍ਹਾ ਪਹੁੰਚ ਗਏ। ਉਨ੍ਹਾਂ ਜਾ ਕੇ ਦੇਖਿਆ ਕਿ ਉਨ੍ਹਾਂ ਦੇ ਬੱਚੇ ਦੇ ਮੂੰਹ 'ਤੇ ਕੁੱਤੇ ਨੇ ਹਮਲਾ ਕੀਤਾ ਸੀ ਤੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਰਾਜਵੀਰ ਪਹਿਲੀ ਕਲਾਸ 'ਚ ਪੜ੍ਹਦਾ ਹੈ ਤੇ ਉਸ ਸਮੇਂ ਉਹ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ ਜਦੋਂ ਰਸਤੇ 'ਚ ਪੈਂਦੇ ਇਕ ਘਰ 'ਚ ਰੱਖੇ ਕੁੱਤੇ ਨੇ ਬੱਚੇ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਮਗਰੋਂ ਉਨ੍ਹਾਂ ਬੱਚੇ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਤੇ ਉਸ ਦੇ ਚਿਹਰੇ 'ਤੇ 12 ਟਾਂਕੇ ਲੱਗੇ ਹਨ।
ਇਸ ਘਟਨਾ ਮਗਰੋਂ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਮਗਰੋਂ ਜਦੋਂ ਕੁੱਤੇ ਦੇ ਮਾਲਕ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੁੱਤਾ ਤਾਂ ਘਰੋਂ ਭੱਜ ਗਿਆ ਹੈ। ਇਸ ਮਗਰੋਂ ਥਾਣੇ ਪਹੁੰਚੇ ਪੀੜਤ ਪਰਿਵਾਰ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e