ਘਰੇਲੂ ਝਗੜੇ ਕਾਰਨ ਪੁੱਤ ਵਲੋਂ ਪਿਓ ''ਤੇ ਫਾਇਰ ਕਰਨ ਦੀ ਕੋਸ਼ਿਸ਼

Tuesday, Nov 12, 2024 - 10:54 AM (IST)

ਘਰੇਲੂ ਝਗੜੇ ਕਾਰਨ ਪੁੱਤ ਵਲੋਂ ਪਿਓ ''ਤੇ ਫਾਇਰ ਕਰਨ ਦੀ ਕੋਸ਼ਿਸ਼

ਨਥਾਣਾ (ਬੱਜੋਆਣੀਆਂ) : ਥਾਣਾ ਨਥਾਣਾ ਅਧੀਨ ਪੈਂਦੇ ਪਿੰਡ ਪੂਹਲਾ ਵਿਖੇ ਘਰੇਲੂ ਝਗੜੇ ਕਾਰਨ ਗੋਲੀ ਚੱਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣਾ ਨਥਾਣਾ ਦੇ ਪਿੰਡ ਪੂਹਲਾ ਵਿਖੇ ਇੰਦਰਜੀਤ ਸਿੰਘ ਨੇ ਘਰੇਲੂ ਝਗੜੇ ਕਾਰਨ ਆਪਣੇ ਪਿਤਾ ਦੇ ਲਾਇਸੈਂਸੀ 12 ਬੋਰ ਅਸਲੇ ਨਾਲ ਆਪਣੇ ਹੀ ਪਿਤਾ ਸੁਖਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ’ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਉਸ ਦੀ ਪਤਨੀ ਦੇ ਭਰਾ ਆਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਡੱਬਵਾਲੀ ਢਾਬ ਹਰਿਆਣਾ ਨੇ ਬਚਾਅ ਕਰਦਿਆਂ ਅਸਲਾ ਅੱਗੋਂ ਫੜ੍ਹ ਲਿਆ। ਇਸ ਦੌਰਾਨ ਛਰੇ ਲੱਗਣ ਨਾਲ ਸੁਖਜਿੰਦਰ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਖ਼ੁਦ ਇੰਦਰਜੀਤ ਸਿੰਘ ਨੇ ਬਠਿੰਡਾ ਵਿਖੇ ਦਾਖ਼ਲ ਕਰਾਇਆ ਅਤੇ ਪੁਲਸ ਨੂੰ 112 ਨੰਬਰ ’ਤੇ ਇਤਲਾਹ ਕਰ ਦਿੱਤੀ। ਇਸ ਵਿਚ ਉਸ ਨੇ ਕਥਿਤ ਤੌਰ ’ਤੇ ਆਪਣੇ ਪਿਤਾ ਨੂੰ ਗੋਲੀ ਚਲਾਉਣ ਦਾ ਦੋਸ਼ੀ ਠਹਿਰਾਇਆ।

ਜਦੋਂ ਪੁਲਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ ਕਿ ਇਹ ਫਾਇਰ ਸੁਖਜਿੰਦਰ ਸਿੰਘ ਨੇ ਨਹੀਂ, ਸਗੋਂ ਉਸ ਦੇ ਪੁੱਤਰ ਇੰਦਰਜੀਤ ਸਿੰਘ ਨੇ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਨੇ ਕਥਿਤ ਤੌਰ ’ਤੇ ਆਪਣੀ ਪਸੰਦ ਦਾ ਵਿਆਹ ਕਰਵਾਇਆ ਸੀ ਤੇ ਆਪਣੇ ਪਰਿਵਾਰ ਤੋਂ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ। ਇਸ ਕਰਕੇ ਪਰਿਵਾਰ ਵਿਚ ਝਗੜਾ ਚੱਲ ਰਿਹਾ ਸੀl ਪੁਲਸ ਵੱਲੋਂ ਇਸ ਜਾਂ ਮਸਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।
 


author

Babita

Content Editor

Related News