ਈ-ਰਿਕਸ਼ਾ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
Monday, Nov 04, 2024 - 12:37 PM (IST)
ਚੰਡੀਗੜ੍ਹ (ਸੁਸ਼ੀਲ) : ਪੁਲਸ ਨੇ ਇੰਦਰਾ ਕਾਲੋਨੀ, ਮਨੀਮਾਜਰਾ ਤੋਂ ਤਿੰਨ ਈ-ਰਿਕਸ਼ਿਆਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅੰਕਿਤ ਉਰਫ਼ ਲੌਟਾ ਵਾਸੀ ਮੌਲੀਜਾਗਰਾਂ, ਨੀਰਜ ਉਰਫ਼ ਲੱਡੂ ਅਤੇ ਰਾਮ ਸਿੰਘ ਉਰਫ਼ ਦਮ ਸਿੰਘ ਵਾਸੀ ਇੰਦਰਾ ਕਾਲੋਨੀ ਵਜੋਂ ਹੋਈ ਹੈ। ਆਈ. ਟੀ. ਪਾਰਕ ਥਾਣੇ ਦੀ ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੀਆਂ 9 ਬੈਟਰੀਆਂ ਬਰਾਮਦ ਕੀਤੀਆਂ ਹਨ। ਆਈ. ਟੀ. ਪਾਰਕ ਥਾਣਾ ਪੁਲਸ ਨੇ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਸ਼ਿਵ ਕੁਮਾਰ ਵਾਸੀ ਇੰਦਰਾ ਕਾਲੋਨੀ ਮਨੀਮਾਜਰਾ ਅਤੇ ਦੋ ਹੋਰਾਂ ਨੇ ਆਈ. ਟੀ. ਪਾਰਕ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ 27 ਅਕਤੂਬਰ, 2024 ਦੀ ਰਾਤ ਨੂੰ ਆਪਣਾ ਈ-ਰਿਕਸ਼ਾ ਆਪਣੇ ਘਰ ਦੇ ਸਾਹਮਣੇ ਖੜ੍ਹਾ ਕੀਤਾ ਸੀ। ਅਗਲੀ ਸਵੇਰ ਜਦੋਂ ਉਨ੍ਹਾਂ ਨੇ ਆਪਣਾ ਈ-ਰਿਕਸ਼ਾ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਈ-ਰਿਕਸ਼ਾ ਵਿਚੋਂ ਕੁੱਲ 11 ਬੈਟਰੀਆਂ ਚੋਰੀ ਹੋ ਗਈਆਂ ਹਨ। ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਆਈ. ਟੀ. ਪਾਰਕ ਥਾਣੇ ਨੂੰ ਦਿੱਤੀ ਅਤੇ ਤੱਥਾਂ ਦੀ ਪੜਤਾਲ ਕਰਨ ਉਪਰੰਤ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਤਿੰਨ ਵੱਖ-ਵੱਖ ਮਾਮਲੇ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ।
ਤਿੰਨੋਂ ਮੁਲਜ਼ਮ ਨਸ਼ੇ ਦੇ ਆਦੀ ਹਨ
31 ਅਕਤੂਬਰ 2024 ਨੂੰ ਪੁਲਸ ਟੀਮ ਨੇ ਮੁਲਜ਼ਮ ਅੰਕਿਤ ਉਰਫ਼ ਲੋਟਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ ਚੋਰੀ ਦੀ ਇਕ ਬੈਟਰੀ ਬਰਾਮਦ ਕੀਤੀ। ਪੁਲਸ ਨੇ ਉਸ ਦਾ ਪੁਲਸ ਰਿਮਾਂਡ ਹਾਸਲ ਕਰਕੇ ਦੋ ਹੋਰ ਮੁਲਜ਼ਮਾਂ ਰਾਮ ਸਿੰਘ ਅਤੇ ਨੀਰਜ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 2 ਹੋਰ ਬੈਟਰੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ। ਤਿੰਨਾਂ ਮੁਲਜ਼ਮਾਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਪੁਲਸ ਨੇ 6 ਹੋਰ ਬੈਟਰੀਆਂ ਬਰਾਮਦ ਕੀਤੀਆਂ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ 9 ਬੈਟਰੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੀਰਜ ਖ਼ਿਲਾਫ਼ ਮੌਲੀਜਾਗਰਾਂ ਥਾਣੇ ਵਿਚ ਕਤਲ ਦਾ ਮਾਮਲਾ ਦਰਜ ਹੈ, ਜਦੋਂ ਕਿ ਮੁਲਜ਼ਮ ਰਾਮ ਸਿੰਘ ਖ਼ਿਲਾਫ਼ ਹਰਿਆਣਾ ਪੁਲਸ ਵੱਲੋਂ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤਿੰਨੋਂ ਮੁਲਜ਼ਮ ਨਸ਼ੇ ਦੇ ਆਦੀ ਹਨ।