ਦਿਨ-ਦਿਹਾਡ਼ੇ 4 ਲੁਟੇਰਿਆਂ ਵੱਲੋਂ ਦੁਕਾਨਦਾਰ ਨਾਲ ਕੁੱਟ-ਮਾਰ, ਲੁੱਟਣ ਦੀ ਕੋਸ਼ਿਸ਼

06/23/2018 7:33:38 AM

 ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਅੱਜ ਦੂਜੇ ਦਿਨ ਵੀ ਸ਼ਹਿਰ ’ਚ ਦਿਨ -ਦਿਹਾਡ਼ੇ ਚਾਰ ਲੁਟੇਰਿਆਂ ਨੇ ਇਕ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਉਕਤ ਨੌਜਵਾਨਾਂ ਨੇ ਦੁਕਾਨਦਾਰ ਦੀ ਕੁੱਟ-ਮਾਰ ਵੀ ਕੀਤੀ। ਜਿਥੇ ਇਹ ਘਟਨਾ ਹੋਈ ਉਸ ਦੀ ਥਾਣਾ ਸਿਟੀ-1 ਤੋਂ ਦੂਰੀ ਸਿਰਫ 3 ਮਿੰਟ ਦੀ ਹੈ। ਦੁਕਾਨਦਾਰ ਨਾਲ ਕੁੱਟ-ਮਾਰ ਦੀ ਘਟਨਾ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।
 ਨਸ਼ੇ ’ਚ ਟੱਲੀ ਸਨ ਹਮਲਾਵਰ : ਦੁਕਾਨਦਾਰ:   ਚੋਪਡ਼ਾ ਗਾਰਮੈਂਟਸ ਦੇ ਮਾਲਕ ਹਰੀਸ਼ ਚੋਪਡ਼ਾ ਨੇ ਕਿਹਾ ਕਿ ਮੇਰੀ ਦੁਕਾਨ ਫਰਵਾਹੀ ਬਾਜ਼ਾਰ ਦੀ ਬੈਕਸਾਈਡ ਖੱਦਰ ਭੰਡਾਰ ਨੇੜੇ ਹੈ।  5 ਵਜੇ ਦੇ ਕਰੀਬ 4 ਨੌਜਵਾਨ ਮੇਰੀ ਦੁਕਾਨ ’ਤੇ ਆਏ, ਜਿਨ੍ਹਾਂ ਨਸ਼ਾ ਕੀਤਾ ਹੋਇਆ ਸੀ ਅਤੇ ਮੇਰੀ ਕੁੱਟ-ਮਾਰ ਸ਼ੁਰੂ ਕਰ ਦਿੱਤੀ  ਅਤੇ ਗੱਲੇ ’ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ। ਮੇਰੇ ਰੌਲਾ ਪਾਉਣ ’ਤੇ ਉਕਤ ਚਾਰੇ ਫਰਾਰ ਹੋ ਗਏ ਪਰ ਆਪਣਾ ਮੋਟਰਸਾਈਕਲ ਛੱਡ ਗਏ। ਅੱਧੇ ਘੰਟੇ ਬਾਅਦ ਇਕ ਨੌਜਵਾਨ ਮੋਟਰਸਾਈਕਲ ਚੁੱਕਣ ਆਇਆ ਤਾਂ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਉਸ ਨੂੰ ਫਡ਼ ਕੇ ਪੁਲਸ ਹਵਾਲੇ ਕਰ ਦਿੱਤਾ।
 ਕੀ ਕਹਿੰਦੇ ਨੇ ਡੀ. ਐੱਸ. ਪੀ. : ਜਦੋਂ ਇਸ ਸਬੰਧੀ ਡੀ. ਐੱਸ. ਪੀ. ਰਾਜੇਸ਼ ਛਿੱਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਿਰਾਸਤ ’ਚ ਲਏ ਗਏ  ਨੌਜਵਾਨ  ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਜੋ ਗੱਲ ਸਾਹਮਣੇ ਆਵੇਗੀ, ਉਸ ਤੋਂ ਬਾਅਦ ਪੁਲਸ ਵੱਲੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


Related News