ਹੁਣ ‘ਖਿਡੌਣਾ ਪਿਸਤੌਲਾਂ-ਬੰਦੂਕਾਂ’ ਨਾਲ ਲੋਕਾਂ ਨੂੰ ਲੁੱਟਣ ਲੱਗੇ ਅਪਰਾਧੀ
Friday, May 03, 2024 - 03:51 AM (IST)

ਦੇਸ਼ ਵਿਚ ਅਪਰਾਧਿਕ ਤੱਤਾਂ ਦੇ ਹੌਸਲੇ ਲਗਾਤਾਰ ਵਧ ਰਹੇ ਹਨ ਅਤੇ ਹਾਲਤ ਇਥੋਂ ਤੱਕ ਆ ਪਹੁੰਚੀ ਹੈ ਕਿ ਹੁਣ ਤਾਂ ਉਨ੍ਹਾਂ ਨੇ ‘ਖਿਡੌਣਾ ਪਿਸਤੌਲਾਂ ਅਤੇ ਬੰਦੂਕਾਂ’ ਦੇ ਜ਼ੋਰ ’ਤੇ ਵੀ ਡਰਾ-ਧਮਕਾ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ :
* 8 ਜੂਨ, 2023 ਨੂੰ ਰਾਂਚੀ (ਝਾਰਖੰਡ) ’ਚ ਵਿਧਾਨ ਸਭਾ ਦੇ ਨੇੜੇ ‘ਖਿਡੌਣਾ ਪਿਸਤੌਲ’ ਦਿਖਾ ਕੇ ਮੋਟਰਸਾਈਕਲ ਲੁੱਟਣ ਵਾਲੇ ਇਕ ਅਪਰਾਧੀ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਉਸ ਦੇ ਕਬਜ਼ੇ ’ਚੋਂ ਨਕਲੀ ਪਿਸਤੌਲ ਅਤੇ ਲੁੱਟਿਆ ਹੋਇਆ ਮੋਟਰਸਾਈਕਲ ਬਰਾਮਦ ਕੀਤਾ।
* 9 ਸਤੰਬਰ, 2023 ਨੂੰ ਲੁਧਿਆਣਾ ਦੀ ਜੋਧੇਵਾਲ ਪੁਲਸ ਨੇ ‘ਖਿਡੌਣਾ ਪਿਸਤੌਲ’, 2 ਮੋਬਾਈਲ ਫੋਨ ਅਤੇ ਤੇਜ਼ਧਾਰ ਹਥਿਆਰ ਤੇ ਮੋਟਰਸਾਈਕਲ ਦੇ ਨਾਲ 3 ਸਨੈਚਰਾਂ ਨੂੰ ਗ੍ਰਿਫਤਾਰ ਕੀਤਾ।
* 14 ਸਤੰਬਰ, 2023 ਨੂੰ ਹੈਦਰਾਬਾਦ ਦੀ ਵਨਸਥਲੀਪੁਰਮ ਪੁਲਸ ਨੇ ‘ਖਿਡੌਣਾ ਬੰਦੂਕ’ ਦਿਖਾ ਕੇ 2 ਵਿਅਕਤੀਆਂ ਨੂੰ ਲੁੱਟਣ ਦੇ ਦੋਸ਼ ’ਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।
* 21 ਸਤੰਬਰ, 2023 ਨੂੰ ਅੰਮ੍ਰਿਤਸਰ ਪੁਲਸ ਨੇ ‘ਖਿਡੌਣਾ ਪਿਸਤੌਲ’ ਨਾਲ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਵਾਰਦਾਤ ਦੇ ਦੌਰਾਨ ਵਰਤੇ ਗਏ ‘ਖਿਡੌਣਾ ਪਿਸਤੌਲ’, 5 ਮੋਬਾਈਲ ਫੋਨ ਅਤੇ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ।
* 7 ਅਕਤੂਬਰ, 2023 ਨੂੰ ਅਜਮੇਰ ਪੁਲਸ ਨੇ ‘ਖਿਡੌਣਾ ਬੰਦੂਕ’ ਅਤੇ ‘ਨਕਲੀ ਡਾਇਨਾਮਾਈਟ’ ਦੇ ਦਮ ’ਤੇ ਕਿਸ਼ਨਗੜ੍ਹ ਦੇ ਇਕ ਬੈਂਕ ’ਚੋਂ 4 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿਚ ਇਕ ਨਕਲੀ ਡਾਕਟਰ ਅਤੇ ਉਸ ਦੇ ਮਕੈਨਿਕ ਦੋਸਤ ਨੂੰ ਫੜਿਆ।
* 16 ਅਕਤੂਬਰ, 2023 ਨੂੰ ਕੰਪਨੀ ’ਚੋਂ ਕੱਢੇ ਗਏ ਇਕ ਮੁਲਾਜ਼ਮ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਆਪਣੀ ਹੀ ਕੰਪਨੀ ਦੇ ਸੋਨੀਪਤ ਦਫਤਰ ਵਿਚ ‘ਖਿਡੌਣਾ ਬੰਦੂਕ’ ਨਾਲ 21 ਲੱਖ ਰੁਪਏ ਲੁੱਟ ਲਏ। ਬਾਅਦ ਵਿਚ ਉਸ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਇਕ ‘ਖਿਡੌਣਾ ਪਿਸਤੌਲ’, ਇਕ ਕਾਰ, ਇਕ ਕੁਹਾੜੀ ਅਤੇ 6.3 ਲੱਖ ਰੁਪਏ ਬਰਾਮਦ ਕੀਤੇ।
* 26 ਅਕਤੂਬਰ, 2023 ਨੂੰ ਦਿੱਲੀ ਪੁਲਸ ਨੇ ‘ਖਿਡੌਣਾ ਬੰਦੂਕ’ ਦਿਖਾ ਕੇ ਇਕ ਈਵੈਂਟ ਮੈਨੇਜਮੈਂਟ ਕੰਪਨੀ ਦੇ ਦਫਤਰ ’ਚ ਦਾਖਲ ਹੋ ਕੇ ਉਸ ਦੀ ਔਰਤ ਕਰਮਚਾਰੀ ਕੋਲੋਂ ਮੋਬਾਈਲ ਫੋਨ, 14,000 ਰੁਪਏ ਨਕਦ ਅਤੇ ਦੋ ਸੋਨੇ ਦੀਆਂ ਮੁੰਦਰੀਆਂ ਲੁੱਟਣ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਇਕ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ।
* 3 ਦਸੰਬਰ, 2023 ਨੂੰ ਭੂਨਾ (ਫਤਿਹਾਬਾਦ, ਹਰਿਆਣਾ) ਦੇ ਪਿੰਡ ਗੋਰਖਪੁਰ ’ਚ ‘ਖਿਡੌਣਾ ਬੰਦੂਕ’ ਦੇ ਜ਼ੋਰ ’ਤੇ ਦਿਨ-ਦਿਹਾੜੇ ਇਕ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਫੜ ਕੇ ਪਿੰਡ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਿਆ ਜਦਕਿ ਉਸ ਦਾ ਸਾਥੀ ਭੱਜਣ ਵਿਚ ਸਫਲ ਹੋ ਗਿਆ।
* 2 ਫਰਵਰੀ, 2024 ਨੂੰ ਨੋਇਡਾ (ਉੱਤਰ ਪ੍ਰਦੇਸ਼) ਦੀ ਇਕ ਸੋਸਾਇਟੀ ਵਿਚ ਨਿੱਜੀ ਸੁਰੱਖਿਆ ਗਾਰਡ ਨਾਲ ਗਾਲੀ-ਗਲੋਚ ਕਰਨ, ਘਟੀਆ ਸਲੂਕ ਕਰਨ ਅਤੇ ਉਸ ਨੂੰ ‘ਖਿਡੌਣਾ ਬੰਦੂਕ’ ਨਾਲ ਧਮਕਾਉਣ ਦੇ ਦੋਸ਼ ’ਚ ਇਕ 25 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
* 13 ਫਰਵਰੀ, 2024 ਨੂੰ ਭਿਵੰਡੀ (ਮਹਾਰਾਸ਼ਟਰ) ਦੇ ਮੁੱਖ ਬਾਜ਼ਾਰ ‘ਠਾਣਗੇਅਲੀ’ ਵਿਚ 2 ਨੌਜਵਾਨਾਂ ਦਰਮਿਆਨ ਪੁਰਾਣੇ ਵਿਵਾਦ ਨੂੰ ਲੈ ਕੇ ਹਵਾ ’ਚ ਫਾਇਰਿੰਗ ਕੀਤੇ ਜਾਣ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ। ਬਾਅਦ ’ਚ ਜਾਂਚ ਕਰਨ ’ਤੇ ਪਤਾ ਲੱਗਾ ਕਿ ਫਾਇਰਿੰਗ ’ਚ ਵਰਤੀ ਗਈ ਬੰਦੂਕ ਅਸਲੀ ਨਹੀਂ ਸਗੋਂ ‘ਖਿਡੌਣਾ ਏਅਰਗੰਨ’ ਸੀ।
* 26 ਅਪ੍ਰੈਲ, 2024 ਨੂੰ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਜ਼ਿਲੇ ਦੇ ਦਬਟ ਪਿੰਡ ’ਚ 5 ਕਾਰ ਸਵਾਰ ਬਦਮਾਸ਼ਾਂ, ਜਿਨ੍ਹਾਂ ਵਿਚ ਇਕ ਲੜਕੀ ਅਤੇ ਚਾਰ ਲੜਕੇ ਸ਼ਾਮਲ ਸਨ, ਨੇ ਨਕਲੀ ਪਿਸਤੌਲ ਦੇ ਜ਼ੋਰ ’ਤੇ 2 ਔਰਤਾਂ ਕੋਲੋਂ ਗਹਿਣੇ ਲੁੱਟ ਗਏ।
* 29 ਅਪ੍ਰੈਲ ਨੂੰ ‘ਮੁੰਗੇਲੀ’ (ਛੱਤੀਸਗੜ੍ਹ) ਪੁਲਸ ਨੇ ਰਾਏਪੁਰ-ਬਿਲਾਸਪੁਰ ਨੈਸ਼ਨਲ ਹਾਈਵੇ ’ਤੇ ‘ਖਿਡੌਣਾ ਪਿਸਤੌਲ’ ਦਿਖਾ ਕੇ ਟਰੱਕ ਡਰਾਈਵਰਾਂ ਨੂੰ ਲੁੱਟਣ ਵਾਲੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਹਜ਼ਾਰਾਂ ਰੁਪਿਆਂ ਦੇ ਇਲਾਵਾ ਨਕਲੀ ਪਿਸਤੌਲ ਅਤੇ ਚਾਕੂ ਬਰਾਮਦ ਕੀਤੇ।
* 30 ਅਪ੍ਰੈਲ, 2024 ਨੂੰ ਲੁਧਿਆਣਾ ਦੀ ਜਮਾਲਪੁਰ ਪੁਲਸ ਨੇ ਦੁਕਾਨਾਂ ਦੀ ਰੇਕੀ ਕਰ ਕੇ ਉਨ੍ਹਾਂ ਨੂੰ ‘ਖਿਡੌਣਾ ਪਿਸਤੌਲ’ ਦੇ ਜ਼ੋਰ ’ਤੇ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 4 ਬਦਮਾਸ਼ਾਂ ਗੁਰਵਿੰਦਰ ਸਿੰਘ ਉਰਫ ਰੂਬੀ, ਸੋਨੂੰ ਸਿੰਘ, ਬੀਰਬਲ ਉਰਫ ਬੰਟੀ ਅਤੇ ਜੱਜ ਸਿੰਘ ਉਰਫ ਬੱਬਲੂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਦੇ ਕਬਜ਼ੇ ’ਚੋਂ ‘ਖਿਡੌਣਾ ਪਿਸਤੌਲ’, 2 ਮੋਟਰਸਾਈਕਲ, ਇਕ ਕਾਰ ਅਤੇ 19,000 ਰੁਪਏ ਨਕਦ ਬਰਾਮਦ ਕੀਤੇ।
ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਅਪਰਾਧੀਆਂ ਨੇ ਲੋਕਾਂ ਨੂੰ ਡਰਾ ਕੇ ਲੁੱਟਣ ਲਈ ‘ਖਿਡੌਣਾ ਪਿਸਤੌਲਾਂ’-‘ਖਿਡੌਣਾ ਬੰਦੂਕਾਂ’ ਦੀ ਵਰਤੋਂ ਕੀਤੀ ਹੈ। ਇਸ ਤਰ੍ਹਾਂ ਦੇ ਮਾਹੌਲ ਦੇ ਦਰਮਿਆਨ ਲੋਕਾਂ ਨੂੰ ਹੋਰ ਵੀ ਸਾਵਧਾਨ ਰਹਿਣਾ ਹੋਵੇਗਾ ਕਿਉਂਕਿ ਨਕਲੀ ਸਮਝਿਆ ਜਾਣ ਵਾਲਾ ਹਥਿਆਰ ਕਦੇ ਅਸਲੀ ਵੀ ਹੋ ਸਕਦਾ ਹੈ। ਇਸ ਦੇ ਨਾਲ ਹੀ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਸਮਾਜ ਵਿਚ ਭੈਅ-ਮੁਕਤ ਵਾਤਾਵਰਣ ਕਾਇਮ ਕਰਨ ਦੀ ਲੋੜ ਹੈ।
- ਵਿਜੇ ਕੁਮਾਰ