ਪ੍ਰੋਗਰਾਮ ’ਚ ਨੱਚਣ ’ਤੇ ਦਲਿਤ ਨੌਜਵਾਨ ਦੀ ਕੁੱਟ-ਕੁੱਟ ਦੇ ਹੱਤਿਆ

Monday, May 06, 2024 - 03:45 AM (IST)

ਪ੍ਰੋਗਰਾਮ ’ਚ ਨੱਚਣ ’ਤੇ ਦਲਿਤ ਨੌਜਵਾਨ ਦੀ ਕੁੱਟ-ਕੁੱਟ ਦੇ ਹੱਤਿਆ

ਮੰਨਿਆ ਜਾਂਦਾ ਹੈ ਕਿ ਪ੍ਰਸਿੱਧ ਵਿਗਿਆਨੀਆਂ ਦੇ ਨਾਲ ਰਹਿਣਾ ਬੜਾ ਹੀ ਔਖਾ ਹੁੰਦਾ ਹੈ ਕਿਉਂਕਿ ਸਾਲਾਂ ਦੀ ਖੋਜ, ਯਤਨ ਅਤੇ ਲੰਬੀ ਸਿਖਲਾਈ ਦੇ ਉਪਰੰਤ ਉਹ ਸਫਲਤਾ ਹਾਸਲ ਕਰਦੇ ਹਨ। ਅਜਿਹੇ ’ਚ ਕਦੇ-ਕਦੇ ਉਹ ਹੰਕਾਰੀ ਹੋ ਜਾਂਦੇ ਹਨ ਪਰ ਭਾਰਤ ਵਿਚ ਕੁਝ ਵਰਗ ਦੇ ਲੋਕ ਸਿਰਫ ਇਸ ਲਈ ਆਪਣੇ-ਆਪ ਨੂੰ ਦੂਜਿਆਂ ਨਾਲੋਂ ਬਿਹਤਰ ਸਮਝਦੇ ਹਨ ਕਿਉਂਕਿ ਉਹ ਕਿਸੇ ਵਿਸ਼ੇਸ਼ ਪਰਿਵਾਰ/ਜਾਤੀ ’ਚ ਪੈਦਾ ਹੋਣ ਦੇ ਆਧਾਰ ’ਤੇ ਸਮਾਜ ਨੂੰ ਦੇਖਦੇ ਹਨ।

ਹਾਲਾਂਕਿ ਛੂਆਛਾਤ ਅਤੇ ਜਾਤੀ ਆਧਾਰਿਤ ਵਿਤਕਰਾ ਮਿਟਾਉਣ ਲਈ ਮਹਾਤਮਾ ਗਾਂਧੀ ਅਤੇ ਹੋਰਨਾਂ ਮਹਾਪੁਰਸ਼ਾਂ ਨੇ ਅਣਥੱਕ ਯਤਨ ਕੀਤੇ। ਸਾਡਾ ਸੰਵਿਧਾਨ ਵੀ ਸਾਰਿਆਂ ਨੂੰ ਇਕੋ ਜਿਹਾ ਮੰਨਦਾ ਹੈ ਪਰ ਆਜ਼ਾਦੀ ਦੇ 77 ਸਾਲ ਬਾਅਦ ਵੀ ਦੇਸ਼ ਵਿਚ ਕਈ ਥਾਵਾਂ ’ਤੇ ਦਲਿਤ ਭਾਈਚਾਰੇ ਨਾਲ ਵਿਤਕਰਾ ਜਾਰੀ ਹੈ ਅਤੇ ਇਥੋਂ ਤੱਕ ਕਿ ਆਮ ਮਨੋਰੰਜਨ ਦੀਆਂ ਸਰਗਰਮੀਆਂ ’ਚ ਉਨ੍ਹਾਂ ਦਾ ਹਿੱਸਾ ਲੈਣਾ ਵੀ ਕੁਝ ਕੁ ਲੋਕਾਂ ਨੂੰ ਚੁੱਭਦਾ ਹੈ।

1 ਮਈ ਨੂੰ ਮਹਾਰਾਸ਼ਟਰ ਵਿਚ ਅਹਿਮਦਨਗਰ ਜ਼ਿਲੇ ਦੇ ਕੋਪਰਡੀ ਪਿੰਡ ’ਚ ‘ਵਿੱਠਲ’ ਉਰਫ ‘ਨੀਤਿਨ ਕਾਂਤੀਲਾਲ ਸ਼ਿੰਦੇ’ ਨਾਂ ਦੇ ਇਕ ਹਿੰਦੂ ਮਹਾਰ ਦਲਿਤ ਭਾਈਚਾਰੇ ਨਾਲ ਸਬੰਧਤ ਨੌਜਵਾਨ ਲੋਕਨਾਚ ਪ੍ਰੋਗਰਾਮ ‘ਤਮਾਸ਼ਾ’ ਵਿਚ ਸ਼ਾਮਲ ਹੋਣ ਗਿਆ ਅਤੇ ਉਥੇ ਕਲਾਕਾਰਾਂ ਨਾਲ ਰਲ ਕੇ ਨੱਚਣ ਲੱਗਾ।

ਇਹ ਦੇਖ ਕੇ ਉਥੇ ਮੌਜੂਦ 3 ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਵਿੱਠਲ ਨੂੰ ਇਕ ਸ਼ਮਸ਼ਾਨਘਾਟ ’ਚ ਲਿਜਾ ਕੇ ਉਸ ਦੇ ਕੱਪੜੇ ਲੁਹਾ ਦਿੱਤੇ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕਿਉਂਕਿ ਉਨ੍ਹਾਂ ਨੇ ਵਿੱਠਲ ਦਾ ਮੋਬਾਈਲ ਫੋਨ ਵੀ ਖੋਹ ਲਿਆ ਸੀ, ਇਸ ਲਈ ਉਹ ਸਹਾਇਤਾ ਲਈ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਿਆ। ਇਸ ਘਟਨਾ ਤੋਂ ਵਿੱਠਲ ਇੰਨਾ ਦੁਖੀ ਹੋਇਆ ਕਿ ਘਰ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ।

ਉਕਤ ਘਟਨਾ ਇਸ ਤੱਥ ਦਾ ਮੂੰਹ ਬੋਲਦਾ ਸਬੂਤ ਹੈ ਕਿ ਅੱਜ ਵੀ ਸਾਡੇ ਦੇਸ਼ ’ਚ ਅਖੌਤੀ ਉੱਚ ਜਾਤੀ ਦੇ ਲੋਕਾਂ ਦੇ ਇਕ ਵਰਗ ਨੂੰ ਦਲਿਤਾਂ ਦਾ ਅੱਗੇ ਵਧਣਾ ਸਹਿਣ ਨਹੀਂ ਹੁੰਦਾ। ਦੇਸ਼ ਵਿਚ ਰਾਖਵੇਂਕਰਨ ਅਤੇ ਬਰਾਬਰੀ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਜਦ ਤੱਕ ਸਾਡੀ ਮਾਨਸਿਕਤਾ ’ਚ ਸੁਧਾਰ ਨਹੀਂ ਹੋਵੇਗਾ ਉਦੋਂ ਤੱਕ ਇਹ ਗੱਲਾਂ ਗੱਲਾਂ ਹੀ ਬਣੀਆਂ ਰਹਿਣਗੀਆਂ।

ਸਮਾਜ ਦੇ ਉੱਚ ਵਰਗ ਦੀ ਇਹ ਕਿਹੋ ਜਿਹੀ ਮਾਨਸਿਕਤਾ ਹੈ ਕਿ ਆਪਣੇ ਤੋਂ ਕਿਸੇ ਵੀ ਕਮਜ਼ੋਰ ਨੂੰ ਜਾਂ ਦਲਿਤ ਨੂੰ ਫੜ ਕੇ ਕੁੱਟ ਦਿੱਤਾ ਜਾਵੇ। ਅਜਿਹਾ ਸਲੂਕ ਕਰਨਾ ਸਮਾਜਿਕ ਸਥਿਤੀ ਜਾਂ ਜਨਮ ਦੇ ਆਧਾਰ ’ਤੇ ਕਿਸੇ ਨੂੰ ਵੱਡਾ ਜਾਂ ਛੋਟਾ ਸਮਝਣਾ ਕਦੇ ਵੀ ਸਹੀ ਵਿਚਾਰਧਾਰਾ ਨੂੰ ਦਰਸਾਉਂਦਾ ਨਹੀਂ ਹੈ। ਕੀ ਹੁਣ ਇਸ ਤਰ੍ਹਾਂ ਦੀ ਸੌੜੀ ਮਾਨਸਿਕਤਾ ਦਾ ਵਿਖਾਵਾ ਖ਼ਤਮ ਕਰਨ ਦਾ ਸਮਾਂ ਨਹੀਂ ਆ ਗਿਆ ਹੈ?

ਮੁੱਢਲੇ ਤੌਰ ’ਤੇ ਇਹ ਲੋਕਾਂ ਵਿਚ ਪੈਦਾ ਹੀਣਭਾਵਨਾ ਦੀ ਸਮੱਸਿਆ ਹੈ ਜੋ ਖੁਦ ਨੂੰ ਦੂਜਿਆਂ ਤੋਂ ਵਧੀਆ ਅਤੇ ਦੂਜਿਆਂ ਨੂੰ ਆਪਣੇ ਤੋਂ ਮਾਮੂਲੀ ਮੰਨਦੇ ਹਨ ਜਦਕਿ ਅੱਜ ਦੇ ਯੁੱਗ ’ਚ ਸਾਰਿਆਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਜਦ ਤੱਕ ਲੋਕਾਂ ਦੇ ਮਨ ’ਚ ਸੰਤੁਸ਼ਟੀ, ਸ਼ਾਂਤੀ ਅਤੇ ਸਥਿਰਤਾ ਨਹੀਂ ਹੈ ਉਦੋਂ ਤੱਕ ਉਹ ਦੂਸਰਿਆਂ ਨੂੰ ਆਪਣੇ ਨਾਲੋਂ ਮਾਮੂਲੀ ਸਮਝਣ ਦੀ ਗਲਤੀ ਹੀ ਕਰਦੇ ਰਹਿਣਗੇ ਅਤੇ ਆਪਣੇ ਅੰਦਰ ਆਤਮਵਿਸ਼ਵਾਸ ਆਉਣ ’ਤੇ ਹੀ ਦੂਜਿਆਂ ਨੂੰ ਆਪਣੇ ਬਰਾਬਰ ਦੇਖ ਸਕਣਗੇ।

ਆਰਥਿਕ ਆਜ਼ਾਦੀ ਤਾਂ ਬਾਅਦ ਦੀ ਗੱਲ ਹੈ ਉਸ ਤੋਂ ਵੀ ਪਹਿਲਾਂ ਸਾਰੇ ਲੋਕਾਂ ਨੂੰ ਹਰੇਕ ਇਨਸਾਨ ਦੇ ਪ੍ਰਤੀ ਬਰਾਬਰੀ ਅਤੇ ਆਦਰ ਭਾਵ ਰੱਖਣ ਦੀ ਸਿੱਖਿਆ ਦੇਣੀ ਪਵੇਗੀ। ਇਹ ਸਿੱਖਿਆ ਸਿਰਫ ਸਕੂਲਾਂ ਵਿਚ ਹੀ ਨਹੀਂ ਸਗੋਂ ਸਮਾਜ ਵਿਚ ਵੀ ਦੇਣੀ ਹੋਵੇਗੀ ਅਤੇ ਤਾਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਵੀ ਰੋਕ ਲੱਗੇਗੀ।
-ਵਿਜੇ ਕੁਮਾਰ 


author

Harpreet SIngh

Content Editor

Related News