4 ਸਪਿਨਰ ਚਾਹੁੰਦਾ ਸੀ, IPL ਦੇ ਹਿਸਾਬ ਨਾਲ ਟੀਮ ਨਹੀਂ ਚੁਣ ਸਕਦੇ : ਰੋਹਿਤ ਸ਼ਰਮਾ

Friday, May 03, 2024 - 12:24 PM (IST)

4 ਸਪਿਨਰ ਚਾਹੁੰਦਾ ਸੀ, IPL ਦੇ ਹਿਸਾਬ ਨਾਲ ਟੀਮ ਨਹੀਂ ਚੁਣ ਸਕਦੇ : ਰੋਹਿਤ ਸ਼ਰਮਾ

ਮੁੰਬਈ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀਰਵਾਰ ਨੂੰ ਕਿਹਾ ਕਿ ਟੀਮ ਪ੍ਰਬੰਧਨ ਟੀ-20 ਵਿਸ਼ਵ ਕੱਪ ’ਚ 4 ਸਪਿਨਰਾਂ ਦੀ ਚੋਣ ਨੂੰ ਲੈ ਕੇ ਸਪਸ਼ਟ ਸੀ ਅਤੇ ਆਖਰੀ 15 ਖਿਡਾਰੀ ਚੁਣਨ ’ਚ ਆਈ. ਪੀ. ਐੱਲ. ਦੀ ਬਹੁਤੀ ਭੂਮਿਕਾ ਨਹੀਂ ਸੀ। ਭਾਰਤ ਨੇ ਵੈਸਟਇੰਡੀਜ਼ ਅਤੇ ਅਮਰੀਕਾ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ 4 ਸਪਿਨਰ ਅਤੇ 3 ਤੇਜ਼ ਗੇਂਦਬਾਜ਼ ਚੁਣੇ ਹਨ। ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਕਲਾਈ ਦੇ ਸਪਿਨਰ ਹਨ ਜਦਕਿ ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਆਲਰਾਊਂਡਰ ਹਨ।
ਰੋਹਿਤ ਨੇ ਇਥੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ,‘ਮੈਂ ਇਸ ਬਾਰੇ ਵਿਸਥਾਰ ਨਾਲ ਗੱਲ ਨਹੀਂ ਕਰਾਂਗਾ ਪਰ ਮੈਂ 4 ਸਪਿਨਰ ਚਾਹੁੰਦਾ ਸੀ। ਅਸੀਂ ਉਥੇ ਕਾਫੀ ਕ੍ਰਿਕਟ ਖੇਡੀ ਹੈ। ਮੈਚ ਸਵੇਰੇ 10 ਵਜੇ ਤੋਂ ਸ਼ੁਰੂ ਹੁੰਦੇ ਹਨ ਅਤੇ ਇਸ ’ਚ ਕਾਫੀ ਤਕਨੀਕੀ ਪਹਿਲੂ ਹਨ।’ ਉਨ੍ਹਾਂ ਕਿਹਾ ਕਿ 4 ਸਪਿਨਰ ਚੁਣਨ ਦਾ ਕਾਰਨ ਮੈਂ ਅਜੇ ਨਹੀਂ ਦੱਸਾਂਗਾ। ਮੈਂ 4 ਸਪਿਨਰ ਚਾਹੁੰਦਾ ਸੀ, ਜਿਨ੍ਹਾਂ ’ਚੋਂ 2 ਆਲਰਾਊਂਡਰ ਹਨ ਅਤੇ ਇਸ ਨਾਲ ਟੀਮ ਨੂੰ ਸੰਤੁਲਨ ਮਿਲਦਾ ਹੈ। ਵਿਰੋਧੀ ਟੀਮ ਨੂੰ ਦੇਖ ਕੇ ਅਸੀਂ ਟੀਮ ਚੁਣਾਂਗੇ। ਭਾਰਤੀ ਟੀਮ ਦੀ ਚੋਣ ਮੰਗਲਵਾਰ ਨੂੰ ਕੀਤੀ ਗਈ। ਰੋਹਿਤ ਨੇ ਕਿਹਾ ਕਿ ਵਿਚਾਲੇ ਦੇ ਓਵਰਾਂ ’ਚ ਟੀਮ ਦੀ ਜ਼ਰੂਰਤ ਦਾ ਕਾਫੀ ਧਿਆਨ ਰੱਖਿਆ ਗਿਆ।
ਸ਼ਿਵਮ ਦੂਬੇ ਨੂੰ ਰਿੰਕੂ ਸਿੰਘ ’ਤੇ ਤਰਜੀਹ ਦੇਣ ’ਤੇ ਵੀ ਕਾਫੀ ਸਵਾਲ ਉਠ ਰਹੇ ਹਨ। ਰੋਹਿਤ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਪਵੇਗਾ ਕਿ ਪਿੱਚ ਅਤੇ ਵਿਰੋਧੀ ਟੀਮ ਯੋਜਨਾ ਕੀ ਹੋਵੇਗੀ। ਸਾਨੂੰ ਵਿਚਲੇ ਓਵਰਾਂ ’ਚ ਤੇਜ਼ ਬੱਲੇਬਾਜ਼ਾਂ ਦੀ ਲੋੜ ਹੈ। ਟਾਪ ਆਰਡਰ ਠੀਕ ਖੇਡ ਰਿਹਾ ਹੈ, ਦੂਜੇ ਬਦਲ ਵੀ ਹਨ। ਅਸੀਂ ਉਸ ਨੂੰ (ਦੂਬੇ) ਆਈ. ਪੀ. ਐੱਲ. ਅਤੇ ਉਸ ਤੋਂ ਪਹਿਲਾਂ ਕੁਝ ਮੈਚਾਂ ’ਚ ਉਸ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਚੁਣਿਆ। ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਆਖਰੀ ਇਲੈਵਨ ਕਿਸ ਤਰ੍ਹਾਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ 70 ਤੋਂ 80 ਫੀਸਦੀ ਟੀਮ ਆਈ. ਪੀ. ਐੱਲ. ਤੋਂ ਪਹਿਲਾਂ ਸੋਚ ਲਈ ਸੀ। ਕੁਝ ਸਥਾਨਾਂ ਨੂੰ ਲੈ ਕੇ ਅਸੀਂ ਆਈ. ਪੀ. ਐੱਲ. ’ਚ ਵਿਚਾਰ ਕੀਤਾ। ਆਈ. ਪੀ. ਐੱਲ. ’ਚ ਪ੍ਰਦਰਸ਼ਨ ਹਰ ਰੋਜ਼ ਬਦਲਦਾ ਹੈ। ਕੋਈ ਵੀ ਆ ਕੇ ਸੈਂਕੜਾ ਬਣਾ ਸਕਦਾ ਹੈ ਜਾਂ 5 ਵਿਕਟਾਂ ਲੈ ਸਕਦਾ ਹੈ। ਸਾਨੂੰ ਆਈ. ਪੀ. ਐੱਲ. ਤੋਂ ਪਹਿਲਾਂ ਹੀ ਆਪਣੀ 70 ਤੋਂ 80 ਫੀਸਦੀ ਟੀਮ ਬਾਰੇ ਪਤਾ ਸੀ।


author

Aarti dhillon

Content Editor

Related News