ਮੋਰਨੀ ਨੇੜੇ ਮੋਟਰਸਾਈਕਲ ਸਵਾਰਾਂ ਨੇ ਬੱਚੀ ਨੂੰ ਖੇਤਾਂ ''ਚ ਸੁੱਟ ਕੇ ਔਰਤ ਨੂੰ ਕੀਤਾ ਅਗਵਾ
Friday, Aug 11, 2017 - 08:00 AM (IST)

ਮੋਰਨੀ (ਅਨਿਲ) - ਖੇਤਾਂ 'ਚ ਭੈਣ ਨੂੰ ਚਾਹ ਦੇਣ ਲਈ ਹਿਮਾਚਲ ਪ੍ਰਦੇਸ਼ ਦੇ ਮੋਰਨੀ ਨਾਲ ਲੱਗਦੇ ਪਿੰਡ ਸਰੋ ਜਾ ਰਹੀ 23 ਸਾਲਾ ਵਿਆਹੁਤਾ ਨੂੰ ਪੰਜਾਬ ਦੇ ਮੋਰਿੰਡਾ ਨਿਵਾਸੀ ਤਿੰਨ ਲੜਕੇ ਅਗਵਾ ਕਰ ਕੇ ਲੈ ਗਏ। ਔਰਤ ਦੀ ਗੋਦ 'ਚ ਉਸ ਦੀ ਦੋ ਸਾਲਾ ਬੱਚੀ ਵੀ ਸੀ, ਜਿਸ ਨੂੰ ਖੇਤਾਂ 'ਚ ਹੀ ਸੁੱਟ ਦਿੱਤਾ ਗਿਆ, ਜੋ ਅਜੇ ਬਰਾਮਦ ਨਹੀਂ ਹੋਈ ਸੀ। ਅਗਵਾਕਾਰ ਮੋਟਰਸਾਈਕਲ 'ਤੇ ਸਵਾਰ ਸਨ। ਜਦੋਂ ਉਹ ਮੋਰਨੀ ਦੇ ਪਿੰਡ ਬੜੀ ਸ਼ੇਰ ਪਹੁੰਚੇ ਤਾਂ ਲੋਕਾਂ ਨੂੰ ਦੇਖ ਕੇ ਔਰਤ ਨੇ ਰੌਲਾ ਪਾਇਆ ਤੇ ਮਦਦ ਮੰਗੀ, ਜਿਸ 'ਤੇ ਕੁਝ ਲੜਕਿਆਂ ਨੇ ਮੋਟਰਸਾਈਕਲ ਸਵਾਰਾਂ ਨੂੰ ਘੇਰ ਲਿਆ। ਖੁਦ ਨੂੰ ਬਚਾਉਣ ਦੇ ਮਕਸਦ ਨਾਲ ਤਿੰਨੇ ਮੋਟਰਸਾਈਕਲ ਸਵਾਰ ਔਰਤ ਨੂੰ ਸੜਕ ਕੰਢੇ ਸੁੱਟ ਕੇ ਜੰਗਲ ਵੱਲ ਭੱਜ ਗਏ। ਪਿੰਡ ਵਾਲਿਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਜੰਗਲ 'ਚੋਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ, ਜਿਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ, ਜਦੋਂਕਿ ਪੁਲਸ ਨੇ ਬਾਕੀ ਮੁਲਜ਼ਮਾਂ ਦੀ ਭਾਲ 'ਚ ਜੰਗਲ 'ਚ ਸਰਚ ਮੁਹਿੰਮ ਜਾਰੀ ਰੱਖੀ।
ਮੁਲਜ਼ਮ ਬੋਲਿਆ : ਰੱਜਾਕ ਅਲੀ ਦੀ ਪਤਨੀ ਹੈ ਔਰਤ, ਔਰਤ ਨੇ ਕੀਤਾ ਇਨਕਾਰ
ਔਰਤ ਦੋ ਸਾਲਾ ਬੇਟੀ ਨਾਲ ਭੈਣ ਨੂੰ ਚਾਹ ਦੇਣ ਜਾ ਰਹੀ ਸੀ ਕਿ ਤਿੰਨ ਲੜਕੇ ਮੋਟਰਸਾਈਕਲ 'ਤੇ ਆਏ ਤੇ ਉਸ ਦਾ ਮੂੰਹ ਬੰਦ ਕਰ ਕੇ ਚੁੱਕ ਕੇ ਲੈ ਗਏ ਤੇ ਬੱਚੀ ਨੂੰ ਸੁੱਟ ਦਿੱਤਾ। 10 ਕਿਲੋਮੀਟਰ ਦੂਰ ਪਿੰਡ ਬੜੀ ਸ਼ੇਰ 'ਚ ਵੀ ਸੂਚਨਾ ਪਹੁੰਚ ਚੁੱਕੀ ਸੀ, ਜਿੱਥੇ ਦਾਤਾ, ਰਾਮ, ਰੂਪ ਰਾਮ, ਨਮਨ, ਪ੍ਰਦੀਪ ਤੇ ਵਰਿੰਦਰ ਨਾਂ ਦੇ ਲੜਕਿਆਂ ਨੂੰ ਦੇਖ ਕੇ ਔਰਤ ਨੇ ਰੌਲਾ ਪਾਇਆ, ਜਿਸ 'ਤੇ ਉਨ੍ਹਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਰੋਕ ਲਿਆ ਪਰ ਉਹ ਔਰਤ ਨੂੰ ਉਥੇ ਸੁੱਟ ਕੇ ਜੰਗਲ ਵੱਲ ਭੱਜ ਗਏ, ਜਿਨ੍ਹਾਂ 'ਚੋਂ ਇਕ ਨੂੰ ਪਿੰਡ ਵਾਲਿਆਂ ਨੇ ਕਾਬੂ ਕਰ ਲਿਆ।
ਪੁਲਸ ਅਨੁਸਾਰ ਮੁਲਜ਼ਮ ਦੀ ਪਛਾਣ ਮੋਰਿੰਡਾ ਨਿਵਾਸੀ ਮੁਹੰਮਦ ਅਲੀ ਦੇ ਰੂਪ 'ਚ ਹੋਈ ਹੈ, ਜਦੋਂਕਿ ਫਰਾਰ ਹੋਏ ਹੋਰ ਦੋ ਮੁਲਜ਼ਮਾਂ 'ਚ ਰਮਜਾਨ ਤੇ ਰੱਜਾਕ ਅਲੀ ਹਨ।
ਫੜੇ ਗਏ ਮੁਲਜ਼ਮ ਨੇ ਦੱਸਿਆ ਕਿ ਔਰਤ ਰੱਜਾਕ ਅਲੀ ਦੀ ਪਤਨੀ ਹੈ, ਜਿਨ੍ਹਾਂ ਦਾ ਪਿੰਜੌਰ ਥਾਣੇ 'ਚ ਮਾਮਲਾ ਚੱਲ ਰਿਹਾ ਹੈ ਤੇ ਉਹ ਉਸ ਦੇ ਕਹਿਣ 'ਤੇ ਇੱਥੇ ਆਏ ਸਨ। ਔਰਤ ਨੇ ਰੱਜਾਕ ਅਲੀ ਨਾਲ ਕਿਸੇ ਵੀ ਰਿਸ਼ਤੇ ਤੋਂ ਇਨਕਾਰ ਕੀਤਾ ਹੈ।