ਐੱਸ. ਐੱਸ. ਟੀ. ਨਗਰ ''ਚ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼

Friday, Jun 09, 2017 - 08:04 AM (IST)

ਐੱਸ. ਐੱਸ. ਟੀ. ਨਗਰ ''ਚ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼

ਪਟਿਆਲਾ  (ਬਲਜਿੰਦਰ) - ਸ਼ਹਿਰ ਦੇ ਐੱਸ. ਐੱਸ. ਟੀ. ਨਗਰ ਦੀ ਮਿੰਨੀ ਮਾਰਕੀਟ ਵਿਚ ਬੀਤੀ ਰਾਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਏ. ਟੀ. ਐੱਮ. ਨੂੰ ਕੁੱਝ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਲੁੱਟ ਦੀ ਭਿਣਕ ਪੁਲਸ ਨੂੰ ਪੈਂਦਿਆਂ ਹੀ ਪੀ. ਸੀ. ਆਰ. ਅਤੇ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਲੁਟੇਰੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਉਹ ਆਪਣੇ ਮੋਟਰਸਾਈਕਲ ਉਥੇ ਹੀ ਛੱਡ ਗਏ, ਜਿਨ੍ਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਅਰਬਨ ਅਸਟੇਟ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਸ. ਐੱਸ. ਟੀ. ਨਗਰ ਦੀ ਮਿੰਨੀ ਮਾਰਕੀਟ ਵਿਚ ਸਟੇਟ ਬੈਂਕ ਇੰਡੀਆ ਦੀ ਬ੍ਰਾਂਚ ਦਾ ਏ. ਟੀ. ਐੱਮ. ਹੈ। ਪੁਲਸ ਨੂੰ ਰਾਤ ਲਗਭਗ 1.30 ਵਜੇ ਸੂਚਨਾ ਮਿਲੀ ਕਿ ਇੱਥੇ ਕੁੱਝ ਲੁਟੇਰੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।
ਜਾਣਕਾਰੀ ਮਿਲਣ 'ਤੇ ਪੀ. ਸੀ. ਆਰ. ਅਤੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੀ। ਪੁਲਸ ਮੁਲਾਜ਼ਮਾਂ ਨੂੰ ਦੇਖਦੇ ਹੀ ਲੁਟੇਰੇ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਗਏ। ਆਪਣੇ ਮੋਟਰਸਾਈਕਲ ਉਥੇ ਹੀ ਛੱਡ ਗਏ।
ਐੱਸ. ਐੱਚ. ਓ. ਢਿੱਲੋਂ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਨੂੰ ਮੌਕੇ 'ਤੇ ਸੂਚਿਤ ਕਰ ਦਿੱਤਾ ਗਿਆ ਸੀ। ਲੁਟੇਰਿਆਂ ਨੇ ਏ. ਟੀ. ਐੱਮ. ਦੇ ਕੈਮਰਿਆਂ ਦੀਆਂ ਤਾਰਾਂ ਤੋੜ ਕੇ ਉਸ ਦੇ ਪੇਚ ਉਖਾੜ ਦਿੱਤੇ ਸਨ। ਇਸ ਤੋਂ ਬਾਅਦ ਏ. ਟੀ. ਐੱਮ. ਨੂੰ ਬਾਹਰ ਕੱਢਣ ਲਈ ਰੱਸੀ ਬੰਨ੍ਹ ਕੇ ਬਾਹਰ ਲਿਆਉਣ ਦੀ ਤਿਆਰੀ ਕਰ ਰਹੇ ਸਨ।
ਏ. ਟੀ. ਐੱਮ. 'ਤੇ ਨਹੀਂ ਸੀ ਕੋਈ ਸੁਰੱਖਿਆ ਗਾਰਡ
ਜਿਹੜੇ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਉਸ 'ਤੇ ਕੋਈ ਸੁਰੱਖਿਆ ਗਾਰਡ ਨਹੀਂ ਸੀ। ਇਸ ਕਾਰਨ ਲੁਟੇਰਿਆਂ ਨੇ ਬੜੀ ਖੁੱਲ੍ਹਦਿਲੀ ਨਾਲ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਏ. ਟੀ. ਐੱਮ. ਨੂੰ 3 ਸਾਲ ਪਹਿਲਾਂ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਐੱਸ. ਐੱਚ. ਓ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੈਂਕ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਹੈ ਕਿ ਉਹ ਇੱਥੇ ਸੁਰੱਖਿਆ ਲਈ ਗਾਰਡ ਤਾਇਨਾਤ ਕਰਨ ਪਰ ਕੋਈ ਸੁਣਵਾਈ ਨਹੀਂ ਕਰਦਾ। ਸੁਰੱਖਿਆ ਗਾਰਡ ਨਾ ਹੋਣ ਕਾਰਨ ਲੁਟੇਰਿਆਂ ਨੂੰ ਏ. ਟੀ. ਐੱਮਜ਼ ਨੂੰ ਟਾਰਗੈੱਟ ਕਰਨਾ ਕਾਫੀ ਆਸਾਨ ਹੋ ਜਾਂਦਾ ਹੈ।
ਲੁਟੇਰੇ ਜਲਦ ਗ੍ਰਿਫਤਾਰ ਕਰ ਲਵਾਂਗੇ : ਐੱਸ. ਪੀ. ਕੇਸਰ ਸਿੰਘ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਐੱਸ. ਪੀ. ਸਿਟੀ ਕੇਸਰ ਸਿੰਘ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਪੁਲਸ ਲੁਟੇਰਿਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਵੇਗੀ। ਪੁਲਸ ਕੋਲ ਕਾਫੀ ਅਹਿਮ ਸੁਰਾਗ ਹਨ।
ਜਾਂਚ ਕਰ ਰਹੀ ਪੁਲਸ ਪਾਰਟੀ 'ਤੇ ਹਮਲਾ, ਪੀ. ਸੀ. ਆਰ. ਮੁਲਾਜ਼ਮ ਜ਼ਖਮੀ
ਐੱਸ. ਐੱਸ. ਟੀ.² ਨਗਰ ਦੀ ਮਿੰਨੀ ਮਾਰਕੀਟ ਵਿਚ ਬੈਂਕ ਦਾ ਏ. ਟੀ. ਐੱਮ. ਦੀ ਲੁੱਟਣ ਦੀ ਕੋਸ਼ਿਸ ਤੋਂ ਬਾਅਦ ਪੁਲਸ ਨੇ ਇਲਾਕੇ ਨੂੰ ਘੇਰ ਕੇ ਚੈਕਿੰਗ ਸ਼ੁਰੂ ਕੀਤੀ। ਇਸ ਦੌਰਾਨ ਜਦੋਂ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੂੰ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਵਿਚ ਸਵਾਰ ਵਿਅਕਤੀਆਂ ਨੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ। ਇਸ ਵਿਚ ਇੱਕ ਪੀ. ਸੀ. ਆਰ. ਮੁਲਾਜ਼ਮ ਜ਼ਖਮੀ ਹੋ ਗਿਆ।
ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੁੱਟਣ ਦੀ ਕੋਸ਼ਿਸ਼ ਨਾਕਾਮ ਰਹਿਣ ਤੋਂ ਬਾਅਦ ਇਲਾਕੇ ਨੂੰ ਘੇਰ ਕੇ ਸਰਚ ਸ਼ੁਰੂ ਕੀਤੀ। ਇਸ ਦੌਰਾਨ ਇੱਕ ਕਾਲੇ ਦੀ ਰੰਗ ਦੀ ਸਕਾਰਪੀਓ ਗੱਡੀ ਆਈ। ਜਦੋਂ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰਾਂ ਨੇ ਬਹਿਸ ਤੋਂ ਬਾਅਦ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਇੱਕ ਪੀ. ਸੀ. ਆਰ. ਮੁਲਾਜ਼ਮ ਜ਼ਖਮੀ ਹੋ ਗਿਆ ਹੈ। ਸਕਾਰਪੀਓ ਸਵਾਰ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


Related News