ਪ੍ਰਾਪਰਟੀ ਟੈਕਸ ਵਾਂਗ ਪਾਣੀ-ਸੀਵਰੇਜ ਦੇ ਬਕਾਇਆ ਬਿੱਲਾਂ ਦੀ ਵਸੂਲੀ ''ਚ ਵੀ ਫੇਲ੍ਹ ਸਾਬਤ ਹੋਇਆ ਨਗਰ ਨਿਗਮ

Monday, Apr 06, 2026 - 08:37 AM (IST)

ਪ੍ਰਾਪਰਟੀ ਟੈਕਸ ਵਾਂਗ ਪਾਣੀ-ਸੀਵਰੇਜ ਦੇ ਬਕਾਇਆ ਬਿੱਲਾਂ ਦੀ ਵਸੂਲੀ ''ਚ ਵੀ ਫੇਲ੍ਹ ਸਾਬਤ ਹੋਇਆ ਨਗਰ ਨਿਗਮ

ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੇ ਮੁਲਾਜ਼ਮ ਪ੍ਰਾਪਰਟੀ ਟੈਕਸ ਵਾਂਗ ਪਾਣੀ-ਸੀਵਰੇਜ ਦੇ ਬਕਾਇਆ ਬਿੱਲਾਂ ਦੀ ਵਸੂਲੀ ਦੇ ਮਾਮਲੇ ਵਿੱਚ ਵੀ ਫੇਲ ਸਾਬਤ ਹੋਏ ਹਨ। ਇਹ ਖੁਲਾਸਾ ਨਗਰ ਨਿਗਮ ਵੱਲੋਂ ਜਾਰੀ ਕੀਤੀ ਗਈ 2025-26 ਦੀ ਅਕਾਊਂਟ ਸਟੇਟਮੈਂਟ ਰਾਹੀਂ ਹੋਇਆ ਹੈ। ਜਿਸ ਮੁਤਾਬਕ ਨਗਰ ਨਿਗਮ ਵੱਲੋਂ ਪਿਛਲੇ ਵਿੱਤੀ ਸਾਲ ਵਿੱਚ ਪਾਣੀ-ਸੀਵਰੇਜ ਦੇ ਬਕਾਇਆ ਬਿੱਲਾਂ ਦੀ ਵਸੂਲੀ ਵਜੋਂ 55 ਕਰੋੜ ਦਾ ਟੀਚਾ ਰੱਖਿਆ ਗਿਆ ਸੀ ਪਰ 31 ਮਾਰਚ ਤੱਕ ਸਿਰਫ 41.88 ਕਰੋੜ ਦੀ ਹੀ ਰਿਕਵਰੀ ਹੋਈ ਹੈ, ਜੋ ਕਿ ਬਜਟ ਟੀਚੇ ਨਾਲੋਂ 13.12 ਕਰੋੜ ਰੁਪਏ ਘੱਟ ਹੈ। ਇਸੇ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀ ਪ੍ਰਾਪਰਟੀ ਟੈਕਸ ਦੀ ਵਸੂਲੀ ਦੇ ਮਾਮਲੇ ਵਿਚ ਵੀ 160 ਕਰੋੜ ਦਾ ਬਜਟ ਟੀਚਾ ਤਾਂ ਕੀ, ਪਿਛਲੇ ਸਾਲ ਦੇ 153.88 ਕਰੋੜ ਦੇ ਅੰਕੜੇ ਨੂੰ ਵੀ ਹਾਸਲ ਨਹੀਂ ਕਰ ਸਕੇ।

ਪਿਛਲੇ ਸਾਲ ਨਾਲੋਂ 77 ਲੱਖ ਘਟਿਆ ਅੰਕੜਾ
ਨਗਰ ਨਿਗਮ ਦੇ ਅਧਿਕਾਰੀ ਜਿੱਥੇ ਪਾਣੀ-ਸੀਵਰੇਜ ਦੇ ਬਕਾਇਆ ਬਿੱਲਾਂ ਦੀ ਵਸੂਲੀ ਲਈ ਰੱਖਿਆ ਗਿਆ 55 ਕਰੋੜ ਦਾ ਟੀਚਾ ਪੂਰਾ ਨਹੀਂ ਕਰ ਸਕੇ, ਉੱਥੇ ਹੀ ਇਸ ਸਾਲ ਦੀ ਰਿਕਵਰੀ ਪਿਛਲੇ ਸਾਲ ਨਾਲੋਂ 77 ਲੱਖ ਡਾਊਨ ਹੈ ਕਿਉਂਕਿ ਪਿਛਲੇ ਸਾਲ ਪਾਣੀ-ਸੀਵਰੇਜ ਦੇ ਬਕਾਇਆ ਬਿੱਲਾਂ ਵਜੋਂ 42.65 ਕਰੋੜ ਰੁਪਏ ਦੀ ਵਸੂਲੀ ਹੋਈ ਸੀ, ਜਦਕਿ ਇਸ ਸਾਲ ਇਹ ਅੰਕੜਾ 41.88 ਕਰੋੜ ’ਤੇ ਹੀ ਸਿਮਟ ਕੇ ਰਹਿ ਗਿਆ ਹੈ।

ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਮੌਤ ਦਾ ਤਾਂਡਵ: ਖ਼ਸਰੇ ਕਾਰਨ 19 ਦਿਨਾਂ 'ਚ 94 ਮਾਸੂਮ ਬੱਚਿਆਂ ਦੀ ਮੌਤ

ਲੱਖਾਂ ਦੀ ਗਿਣਤੀ ਵਿਚ ਨਾਜਾਇਜ਼ ਕਨੈਕਸ਼ਨ ਤੇ ਡਿਫਾਲਟਰ, ਫਿਰ ਵੀ ਨਹੀਂ ਵਧਾਇਆ ਟੀਚਾ
ਮਹਾਨਗਰ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਹੈ ਜੋ ਪਾਣੀ-ਸੀਵਰੇਜ ਦੇ ਬਿੱਲ ਜਾਂ ਡਿਸਪੋਜ਼ਲ ਚਾਰਜਿਸ ਨਹੀਂ ਦੇ ਰਹੇ ਹਨ। ਇਸੇ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਪਾਣੀ-ਸੀਵਰੇਜ ਤੇ ਡਿਸਪੋਜ਼ਲ ਦੇ ਨਾਜਾਇਜ਼ ਕਨੈਕਸ਼ਨ ਚੱਲ ਰਹੇ ਹਨ। ਇਨ੍ਹਾਂ ਤੋਂ ਮਾਲੀਆ ਵਸੂਲਣ ਲਈ ਓ. ਐਂਡ ਐਮਸੈੱਲ ਦੇ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦਾ ਸਬੂਤ ਇਹ ਹੈ ਕਿ ਅਗਲੇ ਸਾਲ ਲਈ ਪਾਣੀ-ਸੀਵਰੇਜ ਦੇ ਬਿੱਲਾਂ ਦੀ ਵਸੂਲੀ ਦਾ ਟੀਚਾ 56 ਕਰੋੜ ਤੋਂ ਵੱਧ ਨਹੀਂ ਵਧਾਇਆ ਗਿਆ।

ਕਮਿਸ਼ਨਰ ਦਾ ਦਾਅਵਾ - ਆਖਰੀ ਮਹੀਨੇ ਵਿੱਚ 18 ਕਰੋੜ ਦੀ ਰਿਕਵਰੀ ਕਾਰਨ ਪੂਰਾ ਹੋਇਆ ਬਿਲਡਿੰਗ ਬ੍ਰਾਂਚ ਦਾ ਬਜਟ ਟੀਚਾ
ਨਗਰ ਨਿਗਮ ਕਮਿਸ਼ਨਰ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਬਿਲਡਿੰਗ ਬ੍ਰਾਂਚ ਦਾ ਬਜਟ ਟੀਚਾ ਪੂਰਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਇਹ ਆਖਰੀ ਮਹੀਨੇ ਵਿੱਚ ਹੋਈ 18 ਕਰੋੜ ਦੀ ਰਿਕਵਰੀ ਕਾਰਨ ਹੀ ਸੰਭਵ ਹੋ ਸਕਿਆ ਹੈ। ਨਗਰ ਨਿਗਮ ਵੱਲੋਂ ਨਕਸ਼ੇ ਪਾਸ ਕਰਨ, ਸੀ.ਐਲ.ਯੂ ਬਿਲਡਿੰਗ ਫੀਸ ਤੇ ਡਿਵੈਲਪਮੈਂਟ ਚਾਰਜਿਸ ਤੋਂ ਇਲਾਵਾ ਨਾਜਾਇਜ਼ ਉਸਾਰੀਆਂ ਨੂੰ ਰੈਗੂਲਰ ਕਰਨ ਵਜੋਂ 2025-26 ਦੌਰਾਨ 75 ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਸੀ। ਇਹ ਅੰਕੜਾ ਲਗਭਗ ਪੂਰਾ ਕਰ ਲਿਆ ਗਿਆ ਹੈ, ਜਿਸ ਲਈ ਕਮਿਸ਼ਨਰ ਨੀਰੂ ਕਤਿਆਲ ਨੇ ਆਪਣੇ ਕਾਰਜਕਾਲ ਦੌਰਾਨ ਇਕੱਲੇ ਮਾਰਚ ਮਹੀਨੇ ਵਿੱਚ 18 ਕਰੋੜ ਰੁਪਏ ਜੁਟਾਉਣ ਦਾ ਸਿਹਰਾ ਲਿਆ ਹੈ। ਇਸ ਕਾਰਨ 2024-25 ਦੇ ਮੁਕਾਬਲੇ 15 ਕਰੋੜ ਰੁਪਏ ਦੀ ਵੱਧ ਰਿਕਵਰੀ ਹੋਈ ਹੈ। ਨਵੇਂ ਸਾਲ ਲਈ ਰੱਖੇ ਗਏ 86 ਕਰੋੜ ਦੇ ਬਜਟ ਟੀਚੇ ਨੂੰ ਪੂਰਾ ਕਰਨ ਲਈ ਕਮਿਸ਼ਨਰ ਨੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਤੇ ਨਕਸ਼ੇ ਜਲਦੀ ਪਾਸ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News