ਯੂਨੀਅਨ ਦੇ ਵਿਰੋਧ ਦੇ ਬਾਵਜੂਦ ਨਗਰ ਨਿਗਮ ’ਚ ਸ਼ੁਰੂ ਹੋਈ ਬਾਇਓਮੈਟ੍ਰਿਕ ਹਾਜ਼ਰੀ

Thursday, Apr 02, 2026 - 05:08 PM (IST)

ਯੂਨੀਅਨ ਦੇ ਵਿਰੋਧ ਦੇ ਬਾਵਜੂਦ ਨਗਰ ਨਿਗਮ ’ਚ ਸ਼ੁਰੂ ਹੋਈ ਬਾਇਓਮੈਟ੍ਰਿਕ ਹਾਜ਼ਰੀ

ਪਟਿਆਲਾ (ਰਾਜੇਸ਼ ਪੰਜੌਲਾ) : ਨਗਰ ਨਿਗਮ ਦੀਆਂ ਸੀਟਾਂ ਅਕਸਰ ਖਾਲੀ ਰਹਿੰਦੀਆਂ ਸਨ। ਬਿਲਡਿੰਗ ਬ੍ਰਾਂਚ ਸਮੇਤ ਹੋਰ ਪ੍ਰਮੁੱਖ ਬ੍ਰਾਂਚਾਂ ਜਿਨ੍ਹਾਂ ਦਾ ਸਿੱਧਾ ਸਬੰਧ ਆਮ ਲੋਕਾਂ ਨਾਲ ਪੈਂਦਾ ਸੀ, ਉਨ੍ਹਾਂ ਦੀਆਂ ਸੀਟਾਂ ਆਮ ਤੌਰ ’ਤੇ ਖਾਲੀ ਮਿਲਦੀਆਂ ਸਨ। ਜਦੋਂ ਵੀ ਲੋਕ ਆਪਣੇ ਕੰਮਕਾਰ ਕਰਵਾਉਣ ਲਈ ਜਾਂਦੇ ਸਨ ਤਾਂ ਜਵਾਬ ਮਿਲਦਾ ਸੀ ਕਿ ਸਬੰਧਤ ਕਰਮਚਾਰੀ ਜਾਂ ਅਧਿਕਾਰੀ ਫੀਲਡ ’ਚ ਗਏ ਹੋਏ ਹਨ, ਜਿਸ ਕਾਰਨ ਲੋਕਾਂ ਦੀ ਕਾਫੀ ਖੱਜਲ-ਖੁਆਰੀ ਹੁੰਦੀ ਸੀ। ਇਸ ਨੂੰ ਰੋਕਣ ਲਈ ਹੀ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਬਾਇਓਮੈਟ੍ਰਿਕ ਲਾਉਣ ਲਈ ਪ੍ਰੋਸੈੱਸ ਸ਼ੁਰੂ ਕੀਤਾ ਗਿਆ ਸੀ। ਮਿਉਂਸਪਲ ਵਰਕਰ ਯੂਨੀਅਨ ਅਤੇ ਮਿਉਂਸਪਲ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਇਸ ਦੇ ਵਿਰੋਧ ’ਚ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਲਗਾਤਾਰ ਧਰਨੇ ਪ੍ਰਦਰਸ਼ਨ ਹੋਏ। ਇਸ ਦੇ ਬਾਵਜੂਦ ਨਗਰ ਨਿਗਮ ਵੱਲੋਂ 1 ਅਪ੍ਰੈਲ ਤੋਂ ਬਾਇਓਮੈਟ੍ਰਿਕ ਹਾਜ਼ਰੀ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਫ 1 ਅਪ੍ਰੈਲ ਤੋਂ 30 ਅਪ੍ਰੈਲ ਤੱਕ ਇਸ ਹਾਜ਼ਰੀ ਨੂੰ ਟਰਾਇਲ ਬੇਸ ’ਤੇ ਰੱਖਿਆ ਗਿਆ ਹੈ, ਜਦੋਂ ਕਿ ਉਸ ਤੋਂ ਬਾਅਦ ਰੈਗੂਲਰ ਤੌਰ ’ਤੇ ਨਿਗਮ ਦੇ ਹਰ ਛੋਟੇ-ਵੱਡੇ ਮੁਲਾਜ਼ਮ ਅਤੇ ਅਧਿਕਾਰੀ ਦੀ ਹਾਜ਼ਰੀ ਬਾਇਓਮੈਟ੍ਰਿਕ ’ਤੇ ਅੰਗੂਠਾ ਲਾਉਣ ਤੋਂ ਬਾਅਦ ਹੀ ਪਵੇਗੀ।

ਨਗਰ ਨਿਗਮ ਅਤੇ ਆਮ ਲੋਕਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ ਕਿਉਂਕਿ ਨਿਗਮ ਦਾ ਪੁਰਾਣਾ ਇਤਿਹਾਸ ਅਤੇ ਵਰਕ ਕਲਚਰ ਸਪੱਸ਼ਟ ਕਰਦਾ ਹੈ ਕਿ ਅਹਿਮ ਸੀਟਾਂ ’ਤੇ ਬੈਠੇ ਮੁਲਾਜ਼ਮ ਅਤੇ ਅਫਸਰਾਂ ਦੀਆਂ ਸੀਟਾਂ ਅਕਸਰ ਖਾਲੀ ਰਹਿੰਦੀਆਂ ਸਨ। ਲੋਕਾਂ ਨੂੰ ਕਈ ਕਈ ਘੰਟੇ ਆਪਣੇ ਕੰਮਕਾਰ ਕਰਵਾਉਣ ਲਈ ਉਡੀਕ ਕਰਨੀ ਪੈਂਦੀ ਸੀ ਅਤੇ ਕਈ ਵਾਰ ਕਈ ਕਈ ਦਿਨ ਚੱਕਰ ਮਾਰਨੇ ਪੈਂਦੇ ਸਨ। ਇਸ ਸਮੱਸਿਆ ਦਾ ਹੱਲ ਕੱਢਣ ਲਈ ਨਿਗਮ ਕਮਿਸ਼ਨਰ ਵੱਲੋਂ ਡਿਜੀਟਲ ਤਕਨੀਕ ਦਾ ਸਹਾਰਾ ਲੈਂਦਿਆਂ ਬਾਇਓਮੈਟ੍ਰਿਕ ਹਾਜ਼ਰੀ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ। ਬੇਸ਼ੱਕ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਕਿਹਾ ਗਿਆ ਸੀ ਕਿ ਸਫਾਈ ਕਰਮਚਾਰੀਆਂ ਕੋਲ ਮੋਬਾਈਲ ਨਹੀਂ ਹਨ, ਜਿਸ ਕਰ ਕੇ ਉਹ ਹਾਜ਼ਰੀ ਨਹੀਂ ਲਾ ਸਕਦੇ ਪਰ ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਸਭ ਕੋਲ ਫੋਨ ਹਨ, ਲਿਹਾਜ਼ਾ ਹਰ ਹਾਲਤ ’ਚ ਬਾਇਓਮੈਟ੍ਰਿਕ ਸਿਸਟਮ ਰਾਹੀਂ ਹਾਜ਼ਰੀ ਲਾਈ ਜਾਵੇ। ਇਕ ਮਹੀਨੇ ਦੇ ਟਰਾਇਲ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਦਾ ਕਿੰਨਾ ਕੁ ਲਾਭ ਹੋਵੇਗਾ ਅਤੇ ਕੀ ਇਹ ਰੈਗੂਲਰ ਤੌਰ ’ਤੇ ਸ਼ੁਰੂ ਹੋ ਸਕੇਗੀ ਜਾਂ ਫਿਰ 2-3 ਮਹੀਨਿਆਂ ਬਾਅਦ ਇਹ ਸਿਸਟਮ ਬੰਦ ਹੋ ਕੇ ਪਹਿਲਾਂ ਵਾਲਾ ਸ਼ੁਰੂ ਹੋ ਜਾਵੇਗਾ।

ਸੀਨੀਅਰ ਅਧਿਕਾਰੀ ਬਾਇਓਮੈਟ੍ਰਿਕ ਰਾਹੀਂ ਹਾਜ਼ਰੀ ਲਾਉਣਗੇ ਤਾਹੀਓਂ ਪਵੇਗਾ ਮੁਲਾਜ਼ਮਾਂ ’ਤੇ ਪ੍ਰਭਾਵ!

ਬੇਸ਼ੱਕ ਇਹ ਸਿਸਟਮ ਨਗਰ ਨਿਗਮ ਕਮਿਸ਼ਨਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਬਾਇਓਮੈਟ੍ਰਿਕ ਮਸ਼ੀਨ ’ਚ ਕਮਿਸ਼ਨਰ, ਜੁਆਇੰਟ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ ਪਰ ਜਦੋਂ ਤੱਕ ਇਹ ਅਧਿਕਾਰੀ ਖੁਦ ਇਸ ਸਿਸਟਮ ਰਾਹੀਂ ਹਾਜ਼ਰੀ ਨਹੀਂ ਲਾਉਣਗੇ ਤਾਂ ਬਾਕੀ ਮੁਲਾਜ਼ਮਾਂ ’ਤੇ ਇਸ ਦਾ ਪ੍ਰਭਾਵ ਨਹੀਂ ਪਵੇਗਾ। ਆਮ ਤੌਰ ’ਤੇ ਕਮਿਸ਼ਨਰ, ਜੁਆਇੰਟ ਕਮਿਸ਼ਨਰ, ਐੱਸ. ਈ., ਐਕਸੀਅਨ, ਸਕੱਤਰ ਸਮੇਤ ਹੋਰ ਅਧਿਕਾਰੀ ਬਾਇਓਮੈਟ੍ਰਿਕ ਸਿਸਟਮ ਰਾਹੀਂ ਹਾਜ਼ਰੀ ਨਹੀਂ ਲਾਉਂਦੇ। ਜੇਕਰ ਇਕੱਲੇ ਮੁਲਾਜ਼ਮਾਂ ’ਤੇ ਹੀ ਇਹ ਸਿਸਟਮ ਲਾਗੂ ਕੀਤਾ ਗਿਆ ਤਾਂ ਸਮੁੱਚੇ ਮੁਲਾਜ਼ਮ ਇਸ ਦਾ ਵਿਰੋਧ ਕਰਨਗੇ। ਜੇਕਰ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਸਹੀ 9 ਵਜੇ ਆ ਕੇ ਆਪਣੇ ਦਫ਼ਤਰ ’ਚ ਬੈਠਣਗੇ ਅਤੇ 5 ਵਜੇ ਦਫ਼ਤਰ ਤੋਂ ਜਾਣਗੇ ਤਾਂ ਹੀ ਇਹ ਸਿਸਟਮ ਪ੍ਰਭਾਵਸ਼ਾਲੀ ਰਹੇਗਾ।

ਨਿਗਮ ਦਾ ਪੁਰਾਣਾ ਇਤਿਹਾਸ ਦੱਸਦਾ ਹੈ ਕਿ ਕਮਿਸ਼ਨਰ ਅਤੇ ਹੋਰ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਦਫ਼ਤਰਾਂ ’ਚ ਆਉਂਦੇ ਹਨ। ਕਈ ਵਾਰ ਤਾਂ ਹਫਤਾ ਹਫਤਾ ਕਮਿਸ਼ਨਰ ਦਫ਼ਤਰ ’ਚ ਨਹੀਂ ਆਉਂਦੇ। ਅਜਿਹੇ ਕਈ ਕਮਿਸ਼ਨਰ ਨਿਗਮ ਵਿਚ ਰਹੇ ਹਨ, ਜਿਨ੍ਹਾਂ ਨੇ ਆਪਣੀ ਸਰਕਾਰੀ ਕੋਠੀ ਤੋਂ ਹੀ ਆਪਣਾ ਦਫ਼ਤਰ ਚਲਾਇਆ ਹੈ। ਸਮੁੱਚੀਆਂ ਫਾਈਲਾਂ ਕਮਿਸ਼ਨਰ ਰੈਜ਼ੀਡੈਂਸ ’ਤੇ ਜਾਂਦੀਆਂ ਸਨ ਅਤੇ ਉੱਥੇ ਹੀ ਉਨ੍ਹਾਂ ਦਾ ਸਟਾਫ ਜਾ ਕੇ ਫਾਈਲਾਂ ਕਲੀਅਰ ਕਰਵਾਉਂਦਾ ਸੀ। ਕਈ ਕਮਿਸ਼ਨਰ ਤਾਂ ਆਪਣਾ ਸਾਰਾ ਸਿਸਟਮ ਹੀ ਆਪਣੀ ਕੋਠੀ ਤੋਂ ਚਲਾਉਂਦੇ ਸਨ ਕਿਉਂਕਿ ਕੋਠੀ ’ਚ ਪ੍ਰਾਈਵੇਸੀ ਜ਼ਿਆਦਾ ਹੁੰਦੀ ਹੈ ਅਤੇ ਹਰ ਤਰ੍ਹਾਂ ਦਾ ਕੰਮ ਚੱਲ ਸਕਦਾ ਹੈ। ਅਜਿਹੇ ’ਚ ਬਾਇਓਮੈਟ੍ਰਿਕ ਸਿਸਟਮ ਕਮਿਸ਼ਨਰ, ਜੁਆਇੰਟ ਕਮਿਸ਼ਨਰਾਂ ਅਤੇ ਹੋਰ ਵੱਡੇ ਅਧਿਕਾਰੀਆਂ ’ਤੇ ਕਿੰਨਾ ਕੁ ਲਾਗੂ ਹੁੰਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।


author

Gurminder Singh

Content Editor

Related News