ਡਿਪਟੀ ਡਾਇਰੈਕਟਰ ਵਿਨੋਦ ਗਾਗਟ ਅਤੇ ਏ. ਡੀ. ਸੀ. ਸੁਰਿੰਦਰ ਢਿੱਲੋਂ ਦੇ ਪੁਲਸ ਰਿਮਾਂਡ ’ਚ ਵਾਧਾ
Friday, Apr 03, 2026 - 01:29 PM (IST)
ਪਟਿਆਲਾ (ਬਲਜਿੰਦਰ) : ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਪਾਤੜਾਂ ਬਲਾਕ ਦੇ ਪਿੰਡ ਹਰਿਆਊ ਖ਼ੁਰਦ ਦੀ ਸੈਂਕੜੇ ਏਕੜ ਸ਼ਾਮਲਾਟ ਜ਼ਮੀਨ ਦੀ ਬੋਲੀ ਨਾ ਕਰਵਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਡਿਪਟੀ ਡਾਇਰੈਕਟਰ ਵਿਨੋਦ ਗਾਗਟ ਅਤੇ ਏ. ਡੀ. ਸੀ. (ਵਿਕਾਸ) ਸੁਰਿੰਦਰ ਸਿੰਘ ਢਿੱਲੋਂ ਨੂੰ ਅੱਜ ਮੁੜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਅਧਿਕਾਰੀਆਂ ਦੇ ਪੁਲਸ ਰਿਮਾਂਡ 'ਚ ਇਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਕੱਲ੍ਹ ਵੀ ਇਨ੍ਹਾਂ ਦਾ ਇਕ ਦਿਨ ਦਾ ਰਿਮਾਂਡ ਵਧਾਇਆ ਗਿਆ ਸੀ। ਇਹ ਮਾਮਲਾ ਸਾਲ 2011 ਤੋਂ 2018 ਤੱਕ ਪਿੰਡ ਦੀ ਸ਼ਾਮਲਾਟ ਜ਼ਮੀਨ ਦੀ ਬੋਲੀ ਨਾ ਕਰਵਾ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਨਾਲ ਸਬੰਧਤ ਹੈ। ਵਿਜੀਲੈਂਸ ਨੇ ਇਸ ਘੁਟਾਲੇ ’ਚ ਡਿਪਟੀ ਡਾਇਰੈਕਟਰ ਵਿਨੋਦ ਗਾਗਟ ਅਤੇ ਏ. ਡੀ. ਸੀ. ਸੁਰਿੰਦਰ ਸਿੰਘ ਢਿੱਲੋਂ ਤੋਂ ਇਲਾਵਾ 3 ਸੇਵਾਮੁਕਤ ਬੀ. ਡੀ. ਪੀ. ਓਜ਼ ਸਮੇਤ ਕੁੱਲ 16 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਨ੍ਹਾਂ ਨਾਮਜ਼ਦ ਵਿਅਕਤੀਆਂ ’ਚ ਮਾਲਵਿੰਦਰ ਸਿੰਘ ਬੀ. ਡੀ. ਪੀ. ਓ. (ਰਿਟਾ.), ਪਰਮਜੀਤ ਕੌਰ ਬੀ. ਡੀ. ਪੀ. ਓ. (ਰਿਟਾ:), ਸੁਤੰਤਰ ਸਿੰਘ ਪੰਚਾਇਤ ਅਫ਼ਸਰ (ਰਿਟਾ.), ਗੁਰਮੀਤ ਸਿੰਘ ਪੰਚਾਇਤ ਸਕੱਤਰ (ਰਿਟਾ.), ਤੇਜਾ ਸਿੰਘ ਪੰਚਾਇਤ ਅਫ਼ਸਰ (ਰਿਟਾ:), ਰਜਿੰਦਰ ਸਿੰਘ ਗ੍ਰਾਮ ਸੇਵਕ, ਭੁਪਿੰਦਰ ਸਿੰਘ ਪੰਚਾਇਤ ਸਕੱਤਰ, ਰਜਿੰਦਰ ਸਿੰਘ ਪੰਚਾਇਤ ਸਕੱਤਰ, ਗੁਰਤੇਜ ਸਿੰਘ ਗ੍ਰਾਮ ਸੇਵਕ, ਜਗਵਿੰਦਰ ਸਿੰਘ ਪੰਚਾਇਤ ਸਕੱਤਰ, ਅਮਰੀਕ ਸਿੰਘ ਪੰਚਾਇਤ ਸਕੱਤਰ, ਹਰਿੰਦਰ ਸਿੰਘ ਭੰਗੂ ਪੰਚਾਇਤ ਸਕੱਤਰ, ਰਾਮ ਸਿੰਘ ਐੱਸ. ਈ. ਪੀ. ਓ. ਅਤੇ ਸੁਖਵਿੰਦਰ ਸਿੰਘ ਪੰਚਾਇਤ ਸਕੱਤਰ ਸ਼ਾਮਲ ਹਨ। ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਉੱਚ ਅਧਿਕਾਰੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਹੋਰਨਾਂ ਦੀ ਭੂਮਿਕਾ ਦਾ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਬਾਕੀ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
