ਬਠਿੰਡਾ ਨਗਰ ਨਿਗਮ ''ਚ 88 ਕਰੋੜ ਦੇ ਪ੍ਰਾਜੈਕਟ ’ਤੇ ਘਮਾਸਾਨ : ਫੰਡ ਨਹੀਂ, ਫਿਰ ਕੰਮ ਕਿਵੇਂ?
Thursday, Apr 02, 2026 - 04:54 PM (IST)
ਬਠਿੰਡਾ (ਵਿਜੇ ਵਰਮਾ) : ਨਗਰ ਨਿਗਮ ਬਠਿੰਡਾ ਦੀ ਵੀਰਵਾਰ ਨੂੰ ਹੋਈ ਜਨਰਲ ਹਾਊਸ ਮੀਟਿੰਗ 'ਚ ਕਰੀਬ 88 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ। ਕੌਂਸਲਰਾਂ ਨੇ ਸੜਕਾਂ ਦੀ ਮੁਰੰਮਤ ਅਤੇ ਸਫ਼ਾਈ ਮਸ਼ੀਨਰੀ ਦੀ ਖ਼ਰੀਦ ਸਬੰਧੀ ਪ੍ਰਸਤਾਵਾਂ ’ਤੇ ਤਿੱਖੇ ਸਵਾਲ ਚੁੱਕਦੇ ਹੋਏ ਨਿਗਮ ਦੀ ਵਿੱਤੀ ਹਾਲਤ ’ਤੇ ਚਿੰਤਾ ਜਤਾਈ। ਫੰਡ ਦੀ ਸਪੱਸ਼ਟ ਵਿਵਸਥਾ ਨਾ ਹੋਣ ਕਾਰਨ ਦੋਵੇਂ ਵੱਡੇ ਪ੍ਰਸਤਾਵ ਫਿਲਹਾਲ ਪੈਂਡਿੰਗ ਕਰ ਦਿੱਤੇ ਗਏ ਹਨ। ਮੀਟਿੰਗ 'ਚ ਕੁੱਲ 11 ਪ੍ਰਸਤਾਵ ਮਨਜ਼ੂਰੀ ਲਈ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ ਕੁੱਝ ਨੂੰ ਪਾਸ ਕਰ ਦਿੱਤਾ ਗਿਆ ਪਰ ਸੜਕਾਂ ਦੀ ਸਫ਼ਾਈ ਅਤੇ ਨਿਰਮਾਣ ਨਾਲ ਜੁੜੇ ਮਹੱਤਵਪੂਰਨ ਪ੍ਰਸਤਾਵਾਂ ’ਤੇ ਸਹਿਮਤੀ ਨਹੀਂ ਬਣ ਸਕੀ। ਹੁਣ ਇਨ੍ਹਾਂ ’ਤੇ 7 ਅਪ੍ਰੈਲ ਨੂੰ ਹੋਣ ਵਾਲੀ ਅਗਲੀ ਮੀਟਿੰਗ 'ਚ ਵਿਸਥਾਰ ਨਾਲ ਚਰਚਾ ਹੋਵੇਗੀ।
ਮਸ਼ੀਨਰੀ ਅਤੇ ਸਫਾਈ ’ਤੇ ਵਧਿਆ ਖ਼ਰਚਾ
ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਮਸ਼ੀਨੀਕ੍ਰਿਤ ਅਤੇ ਡੂੰਘੀ ਸਫ਼ਾਈ ਲਈ ਪਹਿਲਾਂ 5.62 ਕਰੋੜ ਰੁਪਏ ਦਾ ਪ੍ਰਸਤਾਵ ਲਿਆ ਗਿਆ ਸੀ ਪਰ ਚਾਰ ਵਾਰ ਟੈਂਡਰ ਜਾਰੀ ਹੋਣ ਦੇ ਬਾਵਜੂਦ ਕੋਈ ਠੇਕੇਦਾਰ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਨਵੀਂ ਤਰ੍ਹਾਂ ਜੀ. ਆਈ. ਐੱਸ. ਤਕਨੀਕ ਅਤੇ ਆਧੁਨਿਕ ਮਸ਼ੀਨਾਂ ਨੂੰ ਸ਼ਾਮਲ ਕਰਦੇ ਹੋਏ ਲਾਗਤ ਵਧਾ ਕੇ ਕਰੀਬ 19.30 ਕਰੋੜ ਰੁਪਏ ਕਰ ਦਿੱਤੀ ਗਈ। ਇਸ ਤੋਂ ਇਲਾਵਾ ਅੰਦਰੂਨੀ ਸੜਕਾਂ ਦੀ ਸਫ਼ਾਈ ਲਈ 26.70 ਕਰੋੜ ਰੁਪਏ ਅਤੇ ਵੱਖਰੇ ਤੌਰ ’ਤੇ 12.50 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ। ਇਸ ਤਰ੍ਹਾਂ ਕੁੱਲ ਸਫ਼ਾਈ ਪ੍ਰਾਜੈਕਟ ਦੀ ਲਾਗਤ ਕਰੀਬ 54 ਕਰੋੜ ਰੁਪਏ ਤੱਕ ਪਹੁੰਚ ਗਈ।
ਸੜਕ ਨਿਰਮਾਣ ’ਤੇ ਵੀ 34 ਕਰੋੜ ਦਾ ਪਲਾਨ
ਇਸ ਦੇ ਨਾਲ ਹੀ ਨਗਰ ਨਿਗਮ ਨੇ ਵਿਸ਼ੇਸ਼ ਅਨੁਦਾਨ ਯੋਜਨਾ ਹੇਠ ਸੜਕਾਂ ਅਤੇ ਗਲੀਆਂ ਦੇ ਨਿਰਮਾਣ ’ਤੇ ਕਰੀਬ 34 ਕਰੋੜ ਰੁਪਏ ਖ਼ਰਚ ਕਰਨ ਦਾ ਪ੍ਰਸਤਾਵ ਰੱਖਿਆ। ਇਸ ਵਿੱਚੋਂ 7 ਕਰੋੜ ਰੁਪਏ ਪਹਿਲਾਂ ਹੀ ਖ਼ਰਚ ਕੀਤੇ ਜਾ ਚੁੱਕੇ ਹਨ, ਜਦੋਂ ਕਿ ਬਾਕੀ ਕੰਮਾਂ ਲਈ ਮਨਜ਼ੂਰੀ ਮੰਗੀ ਗਈ।
ਕੌਂਸਲਰਾਂ ਨੇ ਚੁੱਕੇ ਵੱਡੇ ਸਵਾਲ
ਕੌਂਸਲਰ ਮਾਸਟਰ ਹਰਮੰਦਰ ਸਿੰਘ ਨੇ ਕਿਹਾ ਕਿ ਨਿਗਮ ਖ਼ੁਦ ਮੰਨ ਰਿਹਾ ਹੈ ਕਿ ਮੌਜੂਦਾ ਕੰਮਾਂ ਅਤੇ ਦੇਣਦਾਰੀਆਂ ਲਈ ਵੀ ਪੂਰਾ ਫੰਡ ਨਹੀਂ ਹੈ, ਤਾਂ 88 ਕਰੋੜ ਰੁਪਏ ਦੇ ਨਵੇਂ ਕੰਮ ਕਿਵੇਂ ਕੀਤੇ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬਿਨਾਂ ਫੰਡ ਦੇ ਟੈਂਡਰ ਜਾਰੀ ਕਰਨ ਨਾਲ ਠੇਕੇਦਾਰ ਕੰਮ ਵਿਚਕਾਰ ਛੱਡ ਦਿੰਦੇ ਹਨ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਨਿਗਮ ਦੀ ਸੰਪਤੀ ’ਤੇ ਕੁਰਕੀ ਦਾ ਖ਼ਤਰਾ ਬਣ ਜਾਂਦਾ ਹੈ। ਕੌਂਸਲਰ ਸੰਜੀਵ ਬਾਬੀ ਨੇ ਵੀ ਯੋਜਨਾਬੱਧ ਢੰਗ ਨਾਲ ਵਿਕਾਸ ਕਾਰਜ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਜੋ ਭਵਿੱਖ 'ਚ ਆਰਥਿਕ ਅਤੇ ਕਾਨੂੰਨੀ ਸੰਕਟ ਤੋਂ ਬਚਿਆ ਜਾ ਸਕੇ।
ਮੇਅਰ ਨੇ ਦਿੱਤਾ ਭਰੋਸਾ
ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਨੇ ਕਿਹਾ ਕਿ ਦੋਵੇਂ ਪ੍ਰਸਤਾਵਾਂ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਅਗਲੀ ਮੀਟਿੰਗ 'ਚ ਨਿਗਮ ਦੀ ਆਮਦਨ, ਫੰਡ ਅਤੇ ਸਰੋਤਾਂ ਦਾ ਪੂਰਾ ਵੇਰਵਾ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਆਖ਼ਰੀ ਫ਼ੈਸਲਾ ਲਿਆ ਜਾਵੇਗਾ।
ਦੂਸ਼ਿਤ ਪਾਣੀ ਦਾ ਮਸਲਾ ਵੀ ਗਰਮਾਇਆ
ਮੀਟਿੰਗ 'ਚ ਕੌਂਸਲਰ ਹਰਵਿੰਦਰ ਲੱਡੂ ਨੇ ਸ਼ਹਿਰ 'ਚ ਦੂਸ਼ਿਤ ਪੀਣਯੋਗ ਪਾਣੀ ਦੀ ਸਮੱਸਿਆ ਉਠਾਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੰਦਾ ਪਾਣੀ ਮਿਲ ਰਿਹਾ ਹੈ, ਜਿਸ ਨਾਲ ਬੀਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ਇਸ ’ਤੇ ਅਧਿਕਾਰੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ।
ਚੋਣਾਂ ਤੋਂ ਪਹਿਲਾਂ ਪ੍ਰਾਜੈਕਟ ਪਾਸ ਕਰਾਉਣ ਦੀ ਕੋਸ਼ਿਸ਼
ਦੱਸਣਯੋਗ ਹੈ ਕਿ ਨਗਰ ਨਿਗਮ ਦਾ ਕਾਰਜਕਾਲ ਇਸ ਮਹੀਨੇ ਖ਼ਤਮ ਹੋਣ ਜਾ ਰਿਹਾ ਹੈ ਅਤੇ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਸੰਦਰਭ ਵਿੱਚ ਸੱਤਾਧਾਰੀ ਧਿਰ ਵੱਲੋਂ ਵੱਡੇ ਪ੍ਰਾਜੈਕਟ ਪਾਸ ਕਰਵਾ ਕੇ ਉਨ੍ਹਾਂ ਨੂੰ ਉਪਲੱਬਧੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵੀ ਚਰਚਾ ਵਿੱਚ ਰਹੀ।
