ਪੀ. ਪੀ. ਐੱਸ. ਸੀ. ਵੱਲੋਂ ਪੀ. ਸੀ. ਐੱਸ. ਦੀ ਮੇਨ ਪ੍ਰੀਖਿਆ ਲਈ ਪੂਰੀ ਤਿਆਰੀ, 12 ਕੇਂਦਰ ਸਥਾਪਿਤ

Wednesday, Apr 01, 2026 - 01:14 PM (IST)

ਪੀ. ਪੀ. ਐੱਸ. ਸੀ. ਵੱਲੋਂ ਪੀ. ਸੀ. ਐੱਸ. ਦੀ ਮੇਨ ਪ੍ਰੀਖਿਆ ਲਈ ਪੂਰੀ ਤਿਆਰੀ, 12 ਕੇਂਦਰ ਸਥਾਪਿਤ

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪੀ. ਸੀ. ਐੱਸ. (ਕਾਰਜਕਾਰੀ ਸ਼ਾਖਾ) ਦੇ 1 ਤੋਂ 10 ਅਪ੍ਰੈਲ ਤੱਕ ਮੇਨ ਇਮਤਿਹਾਨ ਕਰਵਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਪੀ. ਪੀ. ਐੱਸ. ਸੀ. ਦੇ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਕਮਿਸ਼ਨ ਦੇ ਚੇਅਰਮੈਨ ਮੇਜਰ ਜਨਰਲ (ਸੇਵਾ-ਮੁਕਤ) ਵਿਨਾਇਕ ਸੈਣੀ ਦੀ ਅਗਵਾਈ ਹੇਠ ਪ੍ਰੀਖਿਆ ਨੂੰ ਸੁਚਾਰੂ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਇਸ ਪੇਪਰ ਲਈ ਪਟਿਆਲਾ ਸ਼ਹਿਰ ’ਚ ਕੁੱਲ 12 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਪ੍ਰੀਖਿਆ ਸਾਰੇ ਦੁਪਹਿਰ ਦੇ ਸੈਸ਼ਨ ’ਚ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਕਰਵਾਈ ਜਾਵੇਗੀ। ਸਖ਼ਤ ਨਿਗਰਾਨੀ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਹਰੇਕ ਪ੍ਰੀਖਿਆ ਕੇਂਦਰ ’ਤੇ ਸੀਨੀਅਰ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਨੂੰ ਆਬਜ਼ਰਬਰ ਵਜੋਂ ਤਾਇਨਾਤ ਕੀਤਾ ਗਿਆ ਹੈ।

ਪ੍ਰਬੰਧਾਂ ਬਾਰੇ ਵਿਸਥਾਰ ’ਚ ਦੱਸਦਿਆਂ ਚਰਨਜੀਤ ਸਿੰਘ ਨੇ ਕਿਹਾ ਕਿ ਉਮੀਦਵਾਰਾਂ ਦੀ ਸਹੀ ਪਛਾਣ ਨੂੰ ਯਕੀਨੀ ਬਣਾਉਣ ਲਈ ਹਰੇਕ ਕੇਂਦਰ ’ਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਸਿਸਟਮ ਲਾਏ ਗਏ ਹਨ। ਇਸ ਤੋਂ ਇਲਾਵਾ ਪ੍ਰੀਖਿਆ ਦੌਰਾਨ ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦੀ ਵਰਤੋਂ ਨੂੰ ਰੋਕਣ ਲਈ ਜੈਮਰ ਵੀ ਲਾਏ ਗਏ ਹਨ। ਸਕੱਤਰ ਨੇ ਅੱਗੇ ਕਿਹਾ ਕਿ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਪਟਿਆਲਾ ਪੁਲਸ ਵੱਲੋਂ ਵਿਆਪਕ ਸੁਰੱਖਿਆ ਅਤੇ ਸ਼ਹਿਰ ’ਚ ਟ੍ਰੈਫਿਕ ਪ੍ਰਬੰਧ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੀ. ਸੀ. ਐੱਸ. ਕਾਰਜਕਾਰੀ ਸ਼ਾਖਾ ਸਮੇਤ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ’ਚ ਅਲਾਈਡ ਅਧਿਕਾਰੀਆਂ ਦੀਆਂ 331 ਅਾਸਾਮੀਆਂ ਨੂੰ ਭਰਨ ਲਈ ਲਗਭਗ 4200 ਉਹ ਉਮੀਦਵਾਰ, ਮੁੱਖ ਪ੍ਰੀਖਿਆ ’ਚ ਸ਼ਾਮਿਲ ਹੋਣਗੇ, ਜਿਨ੍ਹਾਂ ਨੇ ਮੁੱਢਲੀ ਪ੍ਰੀਖਿਆ ਪਾਸ ਕੀਤੀ ਹੈ।


author

Gurminder Singh

Content Editor

Related News