ਟਰੱਕਾਂ ਦੇ ਵਧਾਏ ਗਏ ਰੋਡ ਟੈਕਸ ਕਾਰਨ ਟਰੱਕ ਆਪ੍ਰੇਟਰਾਂ ''ਚ ਭਾਰੀ ਰੋਸ ਦੀ ਲਹਿਰ

Sunday, Sep 17, 2017 - 12:28 PM (IST)

ਸਾਦਿਕ (ਪਰਮਜੀਤ)-ਪੰਜਾਬ ਅੰਦਰ ਟਰੱਕ ਯੂਨੀਅਨਾਂ ਭੰਗ ਕਰਨ ਤੋਂ ਬਾਅਦ ਸਮੂਹ ਟਰੱਕ ਅਪ੍ਰੇਟਰਾਂ ਵਿਚ ਬੇਚੈਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਉਹ ਆਪਣੀ ਰੋਜ਼ੀ ਰੋਟੀ ਬਚਾਉਣ ਲਈ ਯਤਨਸ਼ੀਲ ਹਨ। ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਨਾਲ ਸਮੂਹ ਟਰੱਕ ਅਪ੍ਰੇਟਰਾਂ ਵਿਚ ਹਾਲੇ ਰੋਸ, ਬੇਚੈਨੀ ਅਤੇ ਗੁੱਸਾ ਸ਼ਾਂਤ ਨਹੀਂ ਹੋਇਆ ਸੀ ਕਿ ਅਚਾਨਕ ਰੋਡ ਟੈਕਸਾਂ ਵਿਚ ਭਾਰੀ ਵਾਧਾ ਕਰਕੇ ਸਰਕਾਰ ਨੇ ਹੋਰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਪਹਿਲਾਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਟਰੱਕ ਅਪ੍ਰੇਟਰ ਸਰਕਾਰੀ ਲੇਟ ਹੁੰਦੀ ਅਦਾਇਗੀ, ਨੋਟਬੰਦੀ, ਜੀ.ਐਸ.ਟੀ ਅਤੇ ਡੀਜ਼ਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਨਾਲ ਜੂਝ ਰਹੇ ਹਨ ਤੇ ਟ੍ਰਾਂਸਪੋਰਟ ਦੇ ਕੰਮ ਵਿਚ ਭਾਰੀ ਮੰਦਾ ਦੇਖਣ ਨੂੰ ਮਿਲਿਆ ਹੈ। ਸਰਕਾਰੀ ਨੀਤੀਆਂ ਕਾਰਨ ਮਜ਼ਬੂਰੀ ਵੱਸ ਕਿਸਾਨਾਂ ਦੀ ਤਰਾਂ ਟਰੱਕ ਅਪ੍ਰੇਟਰਾਂ ਨੂੰ ਖੁਦਕਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਕੀਤੀ ਜਾ ਰਿਹਾ। ਇਸ ਸਬੰਧੀ ਆਪਣਾ ਪ੍ਰਤੀਕਰਮ ਦਿੰਦੇ ਹੋਏ ਟਰੱਕ ਯੂਨੀਅਨ ਸਾਦਿਕ ਦੇ ਆਗੂ ਦਲਜੀਤ ਸਿੰਘ ਢਿੱਲੋਂ , ਸੁਖਵਿੰਦਰ ਸਿੰਘ ਢਿੱਲੋਂ ਤੇ ਹੀਰਾ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਅਚਾਨਕ ਵਧਾਏ ਗਏ ਰੋਡ ਟੈਕਸ ਕਾਰਨ ਟਰੱਕ ਅਪ੍ਰੇਟਰਾਂ ਤੇ ਬਹੁਤ ਜਿਆਦਾ ਬੋਝ ਪੈ ਗਿਆ ਹੈ ਪਹਿਲਾਂ ਹੀ ਆਰਥਿਕ ਮੰਦੀ ਦਾ ਸ਼ਿਕਾਰ ਟਰੱਕਾਂ ਵਾਲਿਆਂ ਦਾ ਕਾਰੋਬਾਰ ਪਹਿਲਾਂ ਹੀ ਖਤਮ ਹੋਣ ਕੰਢੇ ਹੈ। ਟਰੱਕ ਅਪ੍ਰੇਟਰ ਤਿਮਾਹੀ ਟੈਕਸ ਭਰਦੇ ਹਨ ਇਕ ਛੇ ਟਾਇਰਾ ਟਰੱਕ ਲਈ ਟੈਕਸ 1750 ਤੋਂ ਵਧਾ ਕੇ 2375 ਰੁਪਏ, ਦਸ ਟਾਇਰਾਂ ਵਾਲੇ ਟਰੱਕ ਦਾ ਟੈਕਸ 3000 ਹਜ਼ਾਰ ਤੋਂ ਵਧਾ ਕੇ 3750 ਰੁਪਏ, 12 ਟਾਇਰਾਂ ਵਾਲੇ ਟਰੱਕ ਦਾ ਤਿਮਾਹੀ ਟੈਕਸ 4500 ਤੋਂ ਵਧਾ ਕੇ 5500 ਰੁਪਏ ਕਰ ਦਿੱਤਾ ਗਿਆ ਜੋ ਕਿ ਸਰਾਸਰ ਧੱਕਾ ਹੈ ਜਦੋਂ ਕਿ ਬੱਸਾਂ ਅਤੇ ਦੂਸਰੇ ਵਾਹਨਾਂ ਤੇ ਇਹ ਟੈਕਸ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਟਰੱਕ ਅਪ੍ਰੇਟਰਾਂ ਨੂੰ ਕਿਸਾਨਾਂ ਵਾਂਗ ਖੁਦਕਸ਼ੀਆਂ ਦੇ ਰਾਹ ਤੁਰਨ ਤੋਂ ਬਚਾਉਣ ਲਈ ਤੁਰੰਤ ਟੈਕਸ ਘੱਟ ਕਰੇ ਆਉਣ ਵਾਲੇ ਝੋਨੇ ਦੇ ਸੀਜਨ ਲਈ ਸਾਰਥਿਕ ਨੀਤੀ ਬਣਾਵੇ ਤਾਂ ਜੋ ਟਰੱਕ ਅਪ੍ਰੇਟਰਾਂ ਦਾ ਘਰ ਦਾ ਚੁੱਲਾ ਵੀ ਚਲਦਾ ਰਹੇ, ਮੰਡੀਆਂ ਵਿਚੋਂ ਢੋਆ ਢੁਆਈ ਦਾ ਕੰਮ ਵੀ ਨਿਰੰਤਰ ਚੱਲੇ ਅਤੇ ਸਰਕਾਰ ਦਾ ਅਕਸ ਹੋਰ ਵੀ ਵਧੀਆ ਬਣੇ। ਇਸ ਮੌਕੇ ਸਤਪਾਲ ਸੱਤੀ ਮੁੱਖ ਮੁਨਸ਼ੀ, ਅਮਨਦੀਪ ਸਿੰਘ ਡੋਡ, ਲਵਲੀਨ ਅਰੋੜਾ, ਮਹੰਤਾ ਸਿੰਘ ਤੇ ਬਿੱਕਰ ਸਿੰਘ ਵੀ ਹਾਜ਼ਰ ਸਨ।


Related News