ਪੰਜਾਬ ਭਰ ’ਚ ਸ਼ੀਤ ਲਹਿਰ ਨੇ ਛੇੜੀ ਕੰਬਣੀ, ਫ਼ਰੀਦਕੋਟ ਰਿਹਾ ਸਭ ਤੋਂ ਠੰਢਾ
Friday, Dec 26, 2025 - 01:46 AM (IST)
ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਤੇ ਚੰਡੀਗੜ੍ਹ ’ਚ ਸਿਆਲ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰ ਦੀ ਸ਼ੁਰੂਆਤ ਸੂਬੇ ਦੇ ਕਈ ਹਿੱਸਿਆਂ ’ਚ ਠੰਢੀ ਹਵਾ ਅਤੇ ਧੁੰਦ ਦੀ ਚਾਦਰ ਨਾਲ ਹੋਈ। ਭਾਵੇਂ ਦੁਪਹਿਰ ਵੇਲੇ ਕੁਝ ਥਾਵਾਂ 'ਤੇ ਧੁੱਪ ਨਿਕਲਣ ਨਾਲ ਲੋਕਾਂ ਨੂੰ ਮਾਮੂਲੀ ਰਾਹਤ ਮਿਲੀ ਪਰ ਤਾਪਮਾਨ ’ਚ ਆਈ ਕਮੀ ਤੇ ਠੰਢੀ ਹਵਾ ਨੇ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਪੈਦਾ ਕੀਤੀਆਂ।
ਮੌਸਮ ਵਿਭਾਗ ਚੰਡੀਗੜ੍ਹ ਵੱਲੋਂ 25 ਦਸੰਬਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਤੇ ਹਰਿਆਣਾ ’ਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਖ਼ੁਸ਼ਕ ਰਿਹਾ ਪਰ ਤਾਪਮਾਨ ’ਚ ਆਈ ਗਿਰਾਵਟ ਨੇ ਠੰਢ ਵਧਾ ਦਿੱਤੀ। ਗੁਰਦਾਸਪੁਰ, ਪਠਾਨਕੋਟ ਤੇ ਬੱਲੋਵਾਲ ਸੌਂਖੜੀ ਵਿਖੇ ਸੰਘਣੀ ਧੁੰਦ ਦਰਜ ਕੀਤੀ ਗਈ ਜਦਕਿ ਆਦਮਪੁਰ ’ਚ ਸ਼ੀਤ ਲਹਿਰ ਦੇਖਣ ਨੂੰ ਮਿਲੀ।
ਮੌਸਮ ਵਿਭਾਗ ਅਨੁਸਾਰ ਪੰਜਾਬ ’ਚ ਔਸਤਨ ਵੱਧ ਤੋਂ ਵੱਧ ਤਾਪਮਾਨ ’ਚ 1.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ’ਚ ਇਸ ਸਮੇਂ ਫ਼ਰੀਦਕੋਟ ਜ਼ਿਲ੍ਹਾ ਠੰਢ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਸੂਬੇ ਦਾ ਸਭ ਤੋਂ ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਦਿਲਚਸਪ ਗੱਲ ਇਹ ਰਹੀ ਕਿ ਦਿਨ ਵੇਲੇ ਸਭ ਤੋਂ ਵੱਧ ਤਾਪਮਾਨ 25.4 ਡਿਗਰੀ ਵੀ ਫ਼ਰੀਦਕੋਟ ’ਚ ਹੀ ਦਰਜ ਕੀਤਾ ਗਿਆ।
ਦੂਜੇ ਪਾਸੇ ਪਟਿਆਲਾ ਦੇ ਲੋਕਾਂ ਨੂੰ ਦਿਨ ਵੇਲੇ ਕਾਫ਼ੀ ਠੰਢ ਦਾ ਸਾਹਮਣਾ ਕਰਨਾ ਪਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ ਮਹਿਜ਼ 14.6 ਡਿਗਰੀ ਰਿਹਾ, ਜੋ ਕਿ ਆਮ ਨਾਲੋਂ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 5.7 ਡਿਗਰੀ, ਲੁਧਿਆਣਾ ਤੇ ਪਟਿਆਲਾ ’ਚ 6.4 ਡਿਗਰੀ, ਗੁਰਦਾਸਪੁਰ ’ਚ 5.5 ਡਿਗਰੀ, ਹੁਸ਼ਿਆਰਪੁਰ ’ਚ 5.1 ਡਿਗਰੀ ਤੇ ਬਠਿੰਡਾ (ਹਵਾਈ ਅੱਡੇ) ਵਿਖੇ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
5 ਦਿਨਾਂ ਲਈ ਸੰਘਣੀ ਧੁੰਦ ਤੇ ਸ਼ੀਤ ਲਹਿਰ ਦੀ ਚੇਤਾਵਨੀ
ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ’ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਲਈ ਤਿਆਰ ਰਹਿਣਾ ਪਵੇਗਾ। ਮੌਸਮ ਵਿਭਾਗ ਨੇ ਅਗਲੇ 7 ਦਿਨਾਂ ਲਈ ਮੌਸਮ ਖ਼ੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਪਰ ਨਾਲ ਹੀ ਚੇਤਾਵਨੀ ਵੀ ਜਾਰੀ ਕੀਤੀ ਹੈ। 26 ਦਸੰਬਰ ਤੋਂ 31 ਦਸੰਬਰ ਤੱਕ ਪੰਜਾਬ ਦੇ ਕਈ ਹਿੱਸਿਆਂ ’ਚ ‘ਸੰਘਣੀ ਤੋਂ ਬਹੁਤ ਸੰਘਣੀ ਧੁੰਦ’ ਪੈਣ ਦੇ ਨਾਲ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ।
ਟਰਾਈਸਿਟੀ (ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ) ’ਚ ਵੀ ਅਗਲੇ 5 ਦਿਨਾਂ ਤੱਕ ਅੰਸ਼ਕ ਬੱਦਲਵਾਈ ਨਾਲ ਸੰਘਣੀ ਧੁੰਦ ਛਾਏ ਰਹਿਣ ਦੀ ਉਮੀਦ ਹੈ। ਚੰਡੀਗੜ੍ਹ ਸ਼ਹਿਰ ’ਚ ਵੱਧ ਤੋਂ ਵੱਧ ਤਾਪਮਾਨ 17.4 ਡਿਗਰੀ ਤੇ ਰਾਤ ਦਾ ਘੱਟੋ-ਘੱਟ ਤਾਪਮਾਨ 6.9 ਡਿਗਰੀ ਦਰਜ ਕੀਤਾ ਗਿਆ ਹੈ। ਸੰਘਣੀ ਧੁੰਦ ਨਾਲ ਦਿਸਣ ਹੱਦ ਘਟਣ ਕਰਕੇ ਵਾਹਨ ਚਾਲਕਾਂ ਨੂੰ ਸੜਕਾਂ ’ਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
