ਟਰੱਕਾਂ ਵਾਲੇ ਰੋਜ਼ਾਨਾ ਕਰਦੇ ਨੇ ਘੰਟਿਆਂਬੱਧੀ ਜਾਮ! ਬੇਵੱਸ ਹੋਇਆ ਪ੍ਰਸ਼ਾਸਨ

Wednesday, Dec 24, 2025 - 12:53 PM (IST)

ਟਰੱਕਾਂ ਵਾਲੇ ਰੋਜ਼ਾਨਾ ਕਰਦੇ ਨੇ ਘੰਟਿਆਂਬੱਧੀ ਜਾਮ! ਬੇਵੱਸ ਹੋਇਆ ਪ੍ਰਸ਼ਾਸਨ

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਦੀ ਬਲਿਆਲ ਰੋਡ ਉਪਰ ਸਥਿਤ ਐੱਫ਼.ਸੀ.ਆਈ ਦੇ ਗੋਦਾਮਾਂ ਦੇ ਮੁੱਖ ਗੇਟ ਅੱਗੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਕਾਰਨ ਇਥੇ ਹਰ ਸਮੇਂ ਟ੍ਰੈਫ਼ਿਕ ਜਾਮ ਦੀ ਸਮੱਸਿਆ ਬਣੀ ਰਹਿਣ ਅਤੇ ਹਾਦਸੇ ਵਾਪਰਨ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਜਾਨ ਖ਼ਤਰੇ ’ਚ ਪਾ ਕੇ ਲੰਘਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਥਾਨਕ ਸ਼ਹਿਰ ਤੋਂ ਦਿੜਬਾ ਸਮਾਣਾ ਨੂੰ ਜਾਣ ਵਾਲੀ ਇਸ ਬਲਿਆਲ ਰੋਡ ਉਪਰ ਜਿੱਥੇ ਅਨਾਜ਼ ਮੰਡੀ ਨੂੰ ਜਾਣ ਵਾਲੀ ਸੜਕ ਨੇੜੇ ਐੱਫ਼.ਸੀ.ਆਈ ਦੇ ਇਹ ਗੋਦਾਮ ਸਥਿਤ ਹਨ ਇਸ ਲਿੰਕ ਸੜਕ ਉੱਪਰ ਸ਼ਹਿਰ ਦੀ ਸੰਘਣੀ ਅਬਾਦੀ ਦਾ ਵੱਡਾ ਖੇਤਰ ਹੋਣ ਦੇ ਨਾਲ-ਨਾਲ ਇਸ ਸੜਕ ਉਪਰ ਦਰਜ਼ਨ ਦੇ ਕਰੀਬ ਪਿੰਡ ਪੈਂਦੇ ਹਨ ਅਤੇ ਇਸ ਸੜਕ ਉਪਰ ਹੀ ਦੋ ਦਰਜ਼ਨ ਤੋਂ ਵੀ ਜ਼ਿਆਦਾ ਰਾਇਸ ਮਿੱਲ ਅਤੇ ਹੋਰ ਫੈਕਟਰੀਆਂ, ਵੱਖ-ਵੱਖ ਹੋਰ ਸਰਕਾਰੀ ਖੁਰਾਕ ਏਜੰਸੀਆਂ ਦੇ ਗੋਦਾਮ ਅਤੇ ਸਕੂਲ ਹੋਣ ਕਾਰਨ ਇਸ ਸੜਕ ਉਪਰ ਦਿਨ ਰਾਤ ਛੋਟੇ ਵੱਡੇ ਵਾਹਨਾਂ ਦੀ ਬਹੁਤ ਜ਼ਿਆਦਾ ਆਵਾਜਾਈ ਬਣੀ ਰਹਿੰਦੀ ਹੈ। ਇਸ ਲਈ ਇਥੇ ਸਥਿਤ ਐੱਫ਼.ਸੀ.ਆਈ ਦੇ ਗੋਦਾਮਾਂ ’ਚੋਂ ਆਏ ਦਿਨ ਕਣਕ ਅਤੇ ਚਾਵਲਾਂ ਦੀਆਂ ਸਪੈਸਲਾਂ ਭਰਨ ਦੇ ਨਾਲ ਨਾਲ ਇਥੇ ਰਾਇਸ ਮਿਲਰਾਂ ਵੱਲੋਂ ਵੀ ਚਾਵਲਾਂ ਦੀਆਂ ਬੋਰੀਆਂ ਡੰਪ ਕੀਤੇ ਜਾਣ ਕਾਰਨ ਸੜਕ ਉਪਰ ਟਰੱਕਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਜਿਸ ਕਾਰਨ ਇਥੇ ਟ੍ਰੈਫ਼ਿਕ ਜਾਮ ਹੋਣ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਹਾਮਣਾ ਕਾਰਨਾ ਪੈਂਦਾ ਹੈ।

ਦੂਜਾ ਐੱਫ਼.ਸੀ.ਆਈ ਦੇ ਇਹ ਗੋਦਾਮ ਬਲਿਆਲ ਰੋਡ ਸੜਕ ਨਾਲ ਕਾਫ਼ੀ ਨੀਵੇ ਹੋਣ ਕਾਰਨ ਵੱਡੀ ਢਲਾਨ ਦੇ ਚਲਦਿਆਂ ਗੋਦਾਮਾਂ ਦੇ ਅੰਦਰੋਂ ਅਨਾਜ਼ ਨਾਲ ਭਰ ਕੇ ਬਾਹਰ ਆਉਣ ਵਾਲੇ ਟਰੱਕ ਪੂਰੀ ਸਪੀਡ ਨਾਲ ਬਾਹਰ ਆਉਂਦੇ ਹਨ ਜਿਸ ਕਾਰਨ ਸੜਕ ਉਪਰ ਹਾਦਸੇ ਵੀ ਵਾਪਰਦੇ ਹਨ। ਇਥੇ ਇਕ ਗਰੀਬ ਸਾਧੂ ਵੱਲੋਂ ਆਪਣੀ ਜਾਨ ਜੌਖ਼ਮ ’ਚ ਪਾ ਕੇ ਸੜਕ ਦੇ ਵਿਚਕਾਰ ਖੜੇ ਹੋ ਕੇ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਦੀ ਅਕਸਰ ਕੋਸ਼ਿਸ਼ ਕੀਤੀ ਜਾਂਦੀ ਹੈ। ਟਰੱਕ ਅਪ੍ਰੇਟਰਾਂ, ਸ਼ਹਿਰ ਨਿਵਾਸੀਆਂ ਅਤੇ ਰਾਹਗੀਰਾਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਇਨ੍ਹਾਂ ਗੋਦਾਮਾਂ ਦੀ ਇਕ ਲੰਬੀ ਚਾਰਦੀਵਾਰੀ ਅਨਾਜ਼ ਮੰਡੀ ਵਾਲੀ ਸੜਕ ਸਾਇਡ ਵੀ ਹੈ ਇਸ ਲਈ ਮਾਰਕਫੈਡ ਦੇ ਗੋਦਾਮਾਂ ਦੀ ਤਰ੍ਹਾਂ ਅਨਾਜ਼ ਦੀ ਢੋਆ ਢੁਆਈ ਕਰਨ ਵਾਲੇ ਟਰੱਕਾਂ ਦੀ ਆਵਾਜਾਈ ਲਈ ਐੱਫ਼.ਸੀ.ਆਈ ਦੇ ਗੋਦਾਮਾਂ ਦਾ ਗੇਟ ਵੀ ਅਨਾਜ਼ ਮੰਡੀ ਸਾਇਡ ਤਬਦੀਲ ਕੀਤਾ ਜਾਵੇ। ਜਿਸ ਨਾਲ ਬਲਿਆਲ ਰੋਡ ਮੁੱਖ ਸੜਕ ਉਪਰ ਟ੍ਰਫ਼ਿਕ ਦੀ ਸਮੱਸਿਆ ਦਾ ਹੱਲ ਹੋਣ ਦੇ ਨਾਲ ਨਾਲ ਹਾਦਸਿਆਂ ਤੋਂ ਵੀ ਬਚਾਅ ਹੋਵੇਗਾ।


author

Anmol Tagra

Content Editor

Related News