ਲੁਧਿਆਣਾ ''ਚ ਚੂਰਾ-ਪੋਸਤ ਸਮੇਤ ਟਰੱਕ ਡਰਾਈਵਰ ਗ੍ਰਿਫ਼ਤਾਰ

10/27/2020 1:11:45 PM

ਲੁਧਿਆਣਾ (ਜ.ਬ.) : ਸਲੇਮ ਟਾਬਰੀ ਪੁਲਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 7 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ, ਜੋ ਕਿ ਸ਼੍ਰੀਨਗਰ ’ਚੋਂ ਤਸਕਰੀ ਕਰ ਕੇ ਲਿਆਂਦਾ ਗਿਆ ਸੀ। ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁੱਛਗਿੱਛ ਲਈ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਥਾਣਾ ਇੰਚਾਰਜ ਇੰਸ. ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ਦੀ ਪਛਾਣ ਪਿੰਡ ਭਾਮੀਆਂ ਦੇ 58 ਸਾਲਾ ਪ੍ਰੇਮ ਪ੍ਰਕਾਸ਼ ਦੇ ਰੂਪ 'ਚ ਹੋਈ ਹੈ, ਜੋ ਕਿ ਟਰੱਕ ਡਰਾਈਵਰ ਹੈ, ਜਿਸ ਨੂੰ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸਹਾਇਕ ਥਾਣੇਦਾਰ ਜਤਿੰਦਰ ਲਾਲ ਸਿੱਧੂ ਦੀ ਪੁਲਸ ਪਾਰਟੀ ਨੇ ਜਲੰਧਰ ਬਾਈਪਾਸ ਦੇ ਸੋਢੀ ਢਾਬੇ ਨੇੜਿਓਂ ਕਾਬੂ ਕੀਤਾ ਗਿਆ, ਜਦ ਉਹ ਥ੍ਰੀ-ਵ੍ਹੀਲਰ ਦਾ ਇੰਤਜ਼ਾਰ ਕਰ ਰਿਹਾ ਸੀ।

ਗੋਪਾਲ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਜ਼ੁਰਮ ਕਬੂਲਦੇ ਹੋਏ ਦੱਸਿਆ ਕਿ ਟਰੱਕ ਲੈ ਕੇ ਅਕਸਰ ਸ਼੍ਰੀਨਗਰ ਜਾਂਦਾ ਸੀ ਅਤੇ ਮਾਲ ਦੀ ਆੜ 'ਚ ਚੂਰਾ-ਪੋਸਤ ਲੈ ਆਉਂਦਾ ਸੀ। ਇਸ ਤੋਂ ਪਹਿਲਾਂ ਉਹ ਕਈ ਵਾਰ ਨਸ਼ੇ ਦੀ ਖੇਪ ਲਿਆ ਚੁੱਕਾ ਹੈ। ਇਸ ਵਾਰ ਉਹ ਲੱਕੜ ਦੀ ਪਲਾਈ 'ਚ ਚੂਰਾ-ਪੋਸਤ ਛੁਪਾ ਕੇ ਲਿਆਇਆ ਸੀ ਪਰ ਫੜ੍ਹਿਆ ਗਿਆ। ਮੁਲਜ਼ਮ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਖੁਦ ਵੀ ਨਸ਼ੇ ਦਾ ਸੇਵਨ ਕਰਦਾ ਹੈ ਅਤੇ ਉਸ ਨੂੰ ਵੇਚਦਾ ਵੀ ਹੈ।

ਉਹ 2000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਦਾ ਅਤੇ ਆਪਣੇ ਸੇਵਨ ਲਈ ਕੱਢ ਕੇ ਬਾਕੀ 2500 ਰੁਪਏ ਪ੍ਰਤੀ ਕਿਲੋ ਵੇਚ ਦਿੰਦਾ ਸੀ। ਸਿੱਧੂ ਨੇ ਦੱਸਿਆ ਮੁਲਜ਼ਮ ਵਿਆਹਾ ਹੈ। ਉਸ ਦੀਆਂ 2 ਬੇਟੀਆਂ ਅਤੇ ਇਕ ਬੇਟਾ ਹੈ। ਉਸ ਦਾ ਬੇਟਾ ਵੀ ਡਰਾਈਵਰੀ ਦਾ ਕੰਮ ਕਰਦਾ ਹੈ। ਪੁਲਸ ਦਾ ਕਹਿਣਾ ਮੁਲਜ਼ਮ ਤੋਂ ਅੱਗੇ ਦੀ ਪੁੱਛਗਿੱਛ ਜਾਰੀ ਹੈ।


Babita

Content Editor

Related News