ਪੰਜਾਬ ’ਚ ''ਸਪਰਮ'' ਸੁਰੱਖਿਅਤ ਰੱਖਣ ਦਾ ਰੁਝਾਨ ਵਧਿਆ, ਇਹ ਲੋਕ ਲੈ ਰਹੇ ਤਕਨੀਕ ਦਾ ਸਹਾਰਾ
Tuesday, May 09, 2023 - 06:41 PM (IST)
ਜਲੰਧਰ (ਨਰਿੰਦਰ ਮੋਹਨ) : ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸੂਬਿਆਂ ਵਿਚ ਹੁਣ ਅਜਿਹੇ ਲੋਕਾਂ ਦੀ ਗਿਣਤੀ ਵਧਣ ਲੱਗੀ ਹੈ ਜੋ ਆਪਣੇ ‘ਸਪਰਮ’ ਆਪਣੀ ਔਲਾਦ ਪੈਦਾ ਕਰਨ ਲਈ ਸੁਰੱਖਿਅਤ ਰੱਖਣ ਲੱਗੇ ਹਨ। ਅਜਿਹੇ ਲੋਕਾਂ ਵਿਚ ਕੈਂਸਰ ਪੀੜਤ ਅਤੇ ਫ਼ੌਜੀ, ਅਰਧ-ਫ਼ੌਜੀ ਬਲਾਂ ਦੇ ਲੋਕ ਵੀ ਸ਼ਾਮਲ ਹਨ। ਭਾਰਤ ਦੇ ਸਭ ਤੋਂ ਪਹਿਲੇ ਆਈ. ਵੀ. ਐੱਫ. ਦੀ ਸ਼ੁਰੂਆਤ ਕਰਨ ਵਾਲੇ ਵਿਸ਼ੇਸ਼ ਸੇਵਾ ਮੈਡਲ ਪ੍ਰਾਪਤ ਬਿਰਲਾ ਆਈ. ਵੀ. ਐੱਫ. ਦੇ ਪ੍ਰੋਫ਼ੈਸਰ ਕਰਨਲ ਪੰਕਜ ਤਲਵਾਰ ਨੇ ਗੱਲਬਾਤ ਵਿਚ ਦੱਸਿਆ ਕਿ 6 ਜੋੜਿਆਂ ਵਿਚੋਂ ਇਕ ਜੋੜਾ ਸ਼ੁਕਰਾਣੂ ਰੋਗ ਤੋਂ ਪੀੜਤ ਹੈ ਪਰ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਸਾਰਿਆਂ ਨੂੰ ਔਲਾਦ ਪੈਦਾ ਕਰਨ ਲਈ ਟੈਸਟ ਟਿਊਬ ਬੇਬੀ (ਆਈ. ਵੀ. ਐੱਫ. ਭਾਵ ਇਨ ਵਿਟਰੋ ਫਰਟੀਲਾਈਜ਼ੇਸ਼ਨ) ਦੀ ਲੋੜ ਹੁੰਦੀ ਹੈ, ਸਗੋਂ ਅਜਿਹੇ ਮਾਮਲੇ ਤਾਂ ਇਕ ਜਾਂ ਦੋ ਫ਼ੀਸਦੀ ਹੀ ਹੁੰਦੇ ਹਨ, ਬਾਕੀ ਛੋਟੇ-ਛੋਟੇ ਇਲਾਜ ਨਾਲ ਹੀ ਠੀਕ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਨਾਬਾਲਗ ਮੁੰਡੇ ਦੀ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਮਚਾਈ ਤੜਥੱਲੀ, ਵੇਖ ਹਰ ਕੋਈ ਹੈਰਾਨ
ਚੰਡੀਗੜ੍ਹ ’ਚ ਇਕ ਪ੍ਰੋਗਰਾਮ ਵਿਚ ਆਏ ਆਈ. ਵੀ. ਐੱਫ. ਦੇ ਪ੍ਰੋਫ਼ੈਸਰ ਕਰਨਲ ਪੰਕਜ ਤਲਵਾਰ ਨੇ ਦੱਸਿਆ ਕਿ ਬੇਔਲਾਦ ਜੋੜਿਆਂ ਵਿਚ ਅਜਿਹੀ ਧਾਰਨਾ ਹੈ ਕਿ ਔਲਾਦ ਲਈ ਟੈਸਟ ਟਿਊਬ ਤਕਨੀਕ ਹੀ ਜ਼ਰੂਰੀ ਹੈ। ਭਾਰਤ ਵਿਚ 28 ਮਿਲੀਅਨ ਜੋੜਿਆਂ ਨੂੰ ਜਣੇਪੇ ਸਬੰਧੀ ਕੋਈ ਨਾ ਕੋਈ ਸਮੱਸਿਆ ਹੈ। ਡਬਲਿਊ. ਐੱਚ. ਓ. ਅਨੁਸਾਰ 6 ਵਿਚੋਂ ਇਕ ਜੋੜੇ ਨੂੰ ਜਣੇਪੇ ਸਬੰਧੀ ਕੋਈ ਨਾ ਕੋਈ ਪ੍ਰੇਸ਼ਾਨੀ ਹੈ ਪਰ ਮੈਡੀਕਲ ਸਲਾਹ ਲੈਣ ਲਈ ਸਿਰਫ਼ 1% ਤੋਂ ਵੀ ਘੱਟ ਲੋਕ ਗਾਇਨਾਕੋਲੋਜਿਸਟ ਕੋਲ ਪਹੁੰਚਦੇ ਹਨ। ਕੁਲ ਮਿਲਾ ਕੇ ਅਜੇ ਵੀ ਇਨਫਰਟਿਲਿਟੀ ਦਾ ਇਲਾਜ ਕਰਵਾਉਣਾ ਇਕ ਪਰਿਵਾਰ ਵਿਚ ਦਾਗ ਵਰਗਾ ਹੈ ਪਰ ਅਸਲ ’ਚ ਸਾਰੇ ਬੇਔਲਾਦ ਜੋੜਿਆਂ ਵਿਚੋਂ ਸਿਰਫ਼ ਇਕ ਫ਼ੀਸਦੀ ਜੋੜਿਆਂ ਨੂੰ ਹੀ ਟੈਸਟ ਟਿਊਬ ਤਕਨੀਕ ਦੀ ਲੋੜ ਹੁੰਦੀ ਹੈ, ਜਦੋਂਕਿ ਬਾਕੀਆਂ ਨੂੰ ਛੋਟੇ-ਛੋਟੇ ਰੋਗ ਹੁੰਦੇ ਹਨ, ਜੋ ਇਲਾਜ ਨਾਲ ਹੀ ਠੀਕ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਟੀਚਰ ਐਲਿਜੀਬਿਲਿਟੀ ਟੈਸਟ ਦੇਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇਸ ਆਧਾਰ 'ਤੇ ਹੋਵੇਗਾ ਭਰਤੀ ਦਾ ਫ਼ੈਸਲਾ
ਉਨ੍ਹਾਂ ਦੱਸਿਆ ਕਿ ਹੁਣ ਤਾਂ ਅਜਿਹੀ ਤਕਨੀਕ ਵੀ ਆ ਚੁੱਕੀ ਹੈ ਕਿ ਜੇ ਕਿਸੇ ਨੂੰ ਕੈਂਸਰ ਹੈ ਤਾਂ ਵੀ ਉਹ ਬੱਚਾ ਪੈਦਾ ਕਰ ਸਕਦਾ ਹੈ। ਅਜਿਹੇ ਲੋਕ ਆਪਣੇ ਸਪਰਮ ਤੇ ਐੱਗ ਨੂੰ ਸੁਰੱਖਿਅਤ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦੂਰ-ਦੂਰ ਡਿਊਟੀ ’ਤੇ ਜਾਣ ਵਾਲੇ ਅਤੇ ਪਰਿਵਾਰ ਤੋਂ ਦੂਰ ਰਹਿਣ ਵਾਲੇ ਲੋਕ ਇਸ ਤਕਨੀਕ ਦਾ ਸਹਾਰਾ ਲੈ ਰਹੇ ਹਨ, ਜਿਨ੍ਹਾਂ ਵਿਚ ਫ਼ੌਜੀ, ਅਰਧ-ਫ਼ੌਜੀ ਅਤੇ ਕੈਂਸਰ ਪੀੜਤ ਲੋਕ ਸ਼ਾਮਲ ਹਨ। ਹਾਲਾਂਕਿ ਇਸ ਦਾ ਡਾਟਾ ਦੇਣਾ ਸੰਭਵ ਨਹੀਂ ਕਿ ਕਿੰਨੇ ਫ਼ੀਸਦੀ ਲੋਕ ਆਪਣੇ ਸਪਰਮ ਸੁਰੱਖਿਅਤ ਰਖਵਾ ਰਹੇ ਹਨ ਕਿਉਂਕਿ ਸਾਰੇ ਬੈਂਕ ਭਾਰਤ ਸਰਕਾਰ ਨਾਲ ਰਜਿਸਟਰਡ ਹਨ। ਇਹ ਮਾਮਲੇ ਗੁਪਤ ਹਨ ਅਤੇ ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਵੀ ਹਨ ਪਰ ਅਜਿਹੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਅਧਿਕਾਰੀਆਂ 'ਤੇ ਨਜ਼ਰਸਾਨੀ ਰੱਖਣ ਲਈ ਮਹਿਕਮੇ ਦਾ ਵੱਡਾ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ