IELTS ਕੇਂਦਰਾਂ ਦੀ ਆੜ ''ਚ ਚੱਲ ਰਹੀਆਂ ਟ੍ਰੈਵਲ ਏਜੰਸੀਆਂ, ਟੂਰਿਸਟ ਵੀਜ਼ਾ ਦੇ ਕੇ ਨੌਜਵਾਨਾਂ ਨੂੰ ਧੱਕਿਆ ਜਾ ਰਿਹਾ ਵਿਦੇਸ਼

Monday, Sep 23, 2024 - 04:35 AM (IST)

IELTS ਕੇਂਦਰਾਂ ਦੀ ਆੜ ''ਚ ਚੱਲ ਰਹੀਆਂ ਟ੍ਰੈਵਲ ਏਜੰਸੀਆਂ, ਟੂਰਿਸਟ ਵੀਜ਼ਾ ਦੇ ਕੇ ਨੌਜਵਾਨਾਂ ਨੂੰ ਧੱਕਿਆ ਜਾ ਰਿਹਾ ਵਿਦੇਸ਼

ਮਲੋਟ (ਸ਼ਾਮ ਜੁਨੇਜਾ)- ਪੰਜਾਬ ਸਰਕਾਰ ਵੱਲੋਂ ਫਰਜ਼ੀ ਟ੍ਰੈਵਲ ਏਜੰਟਾਂ ਵਿਰੁੱਧ ਛੇੜੀ ਜ਼ੋਰਦਾਰ ਮੁਹਿੰਮ ਦੇ ਬਾਵਜੂਦ ਮਲੋਟ ਵਿਖੇ ਆਈਲੈਟਸ ਕੇਂਦਰਾਂ ਦੀ ਆੜ ਵਿਚ ਟਰੈਵਲ ਏਜੰਟਾਂ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ। ਸ਼ਹਿਰ 'ਚ ਦਰਜਨਾਂ ਆਈਲੈਟਸ ਸੈਂਟਰ ਅਜਿਹੇ ਹਨ ਜਿਹੜੇ ਨਿਯਮਾਂ ਨੂੰ ਪੂਰਾ ਨਹੀਂ ਕਰਦੇ ਅਤੇ ਆਈਲੈਟਸ ਦੀ ਆੜ ਵਿਚ ਨੌਜਵਾਨਾਂ ਨੂੰ ਵਰਕ ਪਰਮਿਟ ਸਮੇਤ ਝਾਂਸਾ ਦੇ ਕੇ ਟੂਰਿਸਟ ਵੀਜ਼ੇ ਰਾਹੀਂ ਵਿਦੇਸ਼ਾਂ ਵੱਲ ਨੂੰ ਧੱਕ ਰਹੇ ਹਨ। ਇਸ ਮਾਮਲੇ ਸਬੰਧੀ ਅਨੇਕਾਂ ਕੇਸ ਸਾਹਮਣੇ ਆ ਰਹੇ ਹਨ ਪਰ ਠੱਗੀ ਦੀਆਂ ਦੁਕਾਨਾਂ 'ਤੇ ਸਖ਼ਤ ਕਾਰਵਾਈ ਨਾ ਹੋਣ ਕਰਕੇ ਇਹ ਧੰਦਾ ਹੋਰ ਚਮਕ ਰਿਹਾ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੁਕਤਸਰ ਅਤੇ ਮਲੋਟ ਵਿਚ ਫਰਜ਼ੀ ਟਰੈਵਲ ਏਜੰਟਾਂ ਦਾ ਧੰਦਾ ਜ਼ੋਰਾਂ 'ਤੇ ਹੈ। ਵੱਡੇ-ਵੱਡੇ ਦਫ਼ਤਰਾਂ ਦੇ ਬਾਹਰ ਆਈਲੈਟਸ ਕੇਂਦਰਾਂ ਦੇ ਬੋਰਡ ਲਾ ਕੇ ਸ਼ੋਸ਼ਲ ਮੀਡੀਆ 'ਤੇ ਪ੍ਰਚਾਰ ਕਰ ਕੇ ਇਹ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਇਨ੍ਹਾਂ ਵਿਚ ਦਰਜਨਾਂ ਅਜਿਹੇ ਹਨ, ਜਿਨ੍ਹਾਂ ਨੇ ਆਈਲੈਟਸ ਕੇਂਦਰ ਦੇ ਲਾਈਸੰਸ ਦੀਆਂ ਸ਼ਰਤਾਂ ਪੂਰੀਆਂ ਕਰਨਾ ਤਾਂ ਦੂਰ, ਪੌੜੀਆਂ ਦੇ ਰਸਤੇ ਅਤੇ ਐਂਮਰਜੈਂਸੀ ਦਰਵਾਜ਼ੇ ਸਮੇਤ ਫਾਇਰ ਬ੍ਰਿਗੇਡ ਦੀ ਐੱਨ.ਓ.ਸੀ. ਦੀਆਂ ਅਨੇਕਾਂ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ। ਇਹ ਵੱਖਰੀ ਗੱਲ ਹੈ ਕਿ ਰਾਜਸੀ ਰਸੂਖ ਅਤੇ 'ਬਾਪੂ ਗਾਂਧੀ' ਦੇ ਅਸ਼ੀਰਵਾਦ ਨਾਲ ਨਿਯਮਾਂ ਦੀ ਉਲੰਘਣਾ ਦੇ ਬਾਵਜੂਦ ਵੀ ਚੱਲ ਰਹੇ ਹਨ ਅਤੇ ਪ੍ਰਸ਼ਾਸਨ ਮੂਕ ਬਣਿਆ ਹੋਇਆ ਹੈ। 

ਬੇਸ਼ੱਕ ਇਨ੍ਹਾਂ ਆੲਲੈਟਸ ਕੇਂਦਰਾਂ ਵਾਲਿਆਂ ਵਿਚੋਂ ਵੀ ਅਨੇਕਾਂ ਕੇਂਦਰਾਂ ਵੱਲੋਂ ਖਾਤਿਆਂ ਵਿਚ ਫਰਜ਼ੀ ਬਕਾਇਆ ਸ਼ੋਅ ਕਰ ਕੇ ਕਈਆਂ ਦੇ ਨਾਲ ਆਪਣਾ ਬੇੜਾ ਪਾਰ ਲਾ ਕੇ ਕਰੋੜਾਂ ਵਿਚ ਖੇਡ ਰਹੇ ਹਨ। ਇਹ ਅੱਜ ਵੀ ਸਟੱਡੀ ਗੈਪ ਅਤੇ ਹੋਰ ਪੜ੍ਹਾਈ ਦੇ ਜਾਅਲੀ ਸਾਰਟੀਫਿਕੇਟ ਬਣਾ ਕੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਵਸੂਲ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਵਿਚੋਂ ਕਈਆਂ ਨੂੰ ਸਬੰਧਤ ਬੈਂਕਾਂ ਵੱਲੋਂ ਬਾਹਰ ਦਾ ਰਸਤਾ ਵੀ ਵਿਖਾਇਆ ਜਾ ਚੁੱਕਾ ਹੈ। ਇਸ ਸਬੰਧੀ ਜਿਥੇ ਪੰਜਾਬ ਭਰ ਵਿਚ ਦੋ ਦਰਜਨ ਤੋਂ ਵੱਧ ਇਨ੍ਹਾਂ ਕੇਂਦਰ ਸੰਚਾਲਕਾਂ ਵਿਰੁੱਧ ਕਾਰਵਾਈ ਹੋਈ ਹੈ ਅਤੇ ਹੋਰ ਚੱਲ ਰਹੀ ਹੈ, ਉਥੇ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ ਸਮੇਂ ਵਿਚ ਦੋ ਅਜਿਹੇ ਫਰਜ਼ੀਵਾੜਾ ਚਲਾਉਣ ਵਾਲੇ ਕਥਿਤ ਠੱਗ ਪੁਲਸ ਦੇ ਹੱਥੇ ਚੜ੍ਹ ਚੁੱਕੇ ਹਨ। ਪਰ ਇਸ ਤੋਂ ਵੀ ਗੰਭੀਰ ਮੁੱਦਾ ਵਰਕ ਪਰਮਿਟ ਦਾ ਝਾਂਸਾ ਦੇ ਕੇ ਬਾਹਰ ਭੇਜਣ ਦਾ ਹੈ।

ਇਹ ਵੀ ਪੜ੍ਹੋ- ਆਖਿਰ 'ਮਾਨ' ਦੀ ਟੀਮ ਵਿਚ ਹੋ ਹੀ ਗਈ ਲੁਧਿਆਣਾ ਦੇ ਵਿਧਾਇਕਾਂ ਦੀ ਐਂਟਰੀ, ਹੁਣ ਬਣਨਗੇ ਇਕੱਠੇ 2 ਮੰਤਰੀ

ਲੱਖਾਂ ਬਟੋਰ ਕੇ ਟੂਰਿਸਟ ਵੀਜ਼ੇ ਰਾਹੀਂ ਚੜ੍ਹਾਉਂਦੇ ਹਨ ਜਹਾਜੇ
ਮਲੋਟ ਵਿਖੇ ਅੱਧੀ ਦਰਜਨ ਤੋਂ ਵੱਧ ਅਜਿਹੇ ਕੇਂਦਰ ਅੱਜ ਕੱਲ ਸਰਗਰਮ ਹਨ। ਇਹ ਨੌਜਵਾਨਾਂ ਨੂੰ ਦੁਬਈ ਅਤੇ ਸਿੰਘਾਪੁਰ ਵਰਗੇ ਦੇਸ਼ਾਂ ਵਿਚ ਭੇਜਣ ਦਾ ਝਾਂਸਾ ਦੇਕੇ ਲੱਖਾਂ ਰੁਪਏ ਠੱਗ ਰਹੇ ਹਨ। ਇਹ ਨੌਜਵਾਨਾਂ ਤੋਂ ਲੱਖਾਂ ਰੁਪਏ ਠੱਗ ਕੇ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ, ਥਾਂਈਲੈਂਡ ਦੀਆਂ ਟਿਕਟਾਂ ਦਿਵਾ ਕੇ ਜਹਾਜ਼ 'ਚ ਬਿਠਾ ਦਿੰਦੇ ਹਨ, ਜੋ ਉੱਥੇ ਰੁਲ਼ ਜਾਂਦੇ ਹਨ ਤੇ ਉਨ੍ਹਾਂ ਦਾ ਰੱਬ ਰਾਖਾ। ਪਰ ਜਿਹੜੇ ਕਿਸੇ ਤਰ੍ਹਾਂ ਜਾਨ ਬਚਾ ਕੇ ਭਾਰਤ ਵਾਪਸ ਪੁੱਜ ਜਾਂਦੇ ਹਨ, ਉਨ੍ਹਾਂ ਵਿਚੋਂ ਕਈਆਂ ਦੇ ਪਰਿਵਾਰਾਂ ਵੱਲੋਂ ਪਿਛਲੇ ਦਿਨਾਂ ਵਿਚ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਬੱਸ ਸਟੈਂਡ ਸਮੇਤ ਮਲੋਟ ਅਤੇ ਮੁਕਤਸਰ ਸਾਹਿਬ ਵਿਖੇ ਇਨ੍ਹਾਂ ਟਰੈਵਲ ਏਜੰਟਾਂ ਦੇ ਦਫ਼ਤਰਾਂ ਦੇ ਬਾਹਰ ਕਿਸਾਨ ਯੂਨੀਅਨਾਂ ਦੀ ਅਗਵਾਈ ਹੇਠ ਧਰਨੇ ਲਾਏ ਜਾ ਚੁੱਕੇ ਹਨ।

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਆਇਲੈਟਸ ਕੇਂਦਰਾਂ ਦੀ ਆੜ ਵਿਚ ਟਰੈਵਲ ਏਜੰਟਾਂ ਦਾ ਧੰਦਾ ਚਲਾਉਣ ਵਾਲੇ ਗਿਰੋਹ ਦੀਆਂ ਤਾਰਾਂ ਚੰਡੀਗੜ, ਮਲੇਸ਼ੀਆ, ਸਿੰਗਾਪੁਰ ਸਮੇਤ ਠੱਗ ਏਜੰਟਾਂ ਨਾਲ ਜੁੜੀਆਂ ਹੋਈਆਂ ਹਨ। ਜਿਥੇ ਕੈਨੇਡਾ ਆਸਟਰੇਲੀਆ ਵਿਚ ਵਿਦਿਆਰਥੀਆਂ ਦੇ ਵੀਜ਼ੇ ਲੱਗਣ ਦੇ ਮਾਮਲੇ ਵਿਚ ਸਖ਼ਤੀ ਕਰ ਕੇ ਇਨ੍ਹਾਂ ਫਰਜ਼ੀ ਏਜੰਟਾਂ ਵੱਲੋਂ ਬਾਹਰ ਜਾਣ ਦੇ ਇੱਛੁਕ ਨੌਜਵਾਨਾਂ ਨੂੰ ਝਾਂਸੇ ਵਿਚ ਫਸਾਇਆ ਜਾ ਰਿਹਾ ਹੈ। ਉਥੇ ਆਇਲੈਟਸ ਵਰਗੀਆਂ ਸ਼ਰਤਾਂ ਕਰ ਕੇ ਬਾਹਰ ਜਾਣ ਤੋਂ ਰਹਿ ਗਏ ਨੌਜਵਾਨ ਇਨ੍ਹਾਂ ਦਾ ਸਭ ਤੋਂ ਆਸਾਨ ਟਾਰਗੇਟ ਹਨ। ਇਸ ਲਈ ਇਨ੍ਹਾਂ ਨੇ ਏਜੰਟਾਂ ਰਾਹੀਂ ਪੰਜਾਬ ਦੇ ਪੇਂਡੂ ਇਲਾਕੇ ਸਮੇਤ ਰਾਜਸਥਾਨ ਤੇ ਆਸ-ਪਾਸ ਦੇ ਪੱਛੜੇ ਖੇਤਰਾਂ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 

ਇਸ ਸਬੰਧੀ ਸੰਜੀਦਾ ਵਰਗ ਨੇ ਇਸ ਮਾਮਲੇ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵੱਖ-ਵੱਖ ਫਰਜ਼ੀ ਏਜੰਟਾਂ ਨੇ ਮਾਲਵੇ ਦੇ ਇਸ ਇਲਾਕੇ ਵਿਚ 20 ਸਾਲ ਪਹਿਲਾਂ ਦਿੱਲੀ ਅਤੇ ਦੋਆਬੇ ਦੇ ਟਰੈਵਲ ਏਜੰਟਾਂ ਵਾਂਗੂ ਜਾਲ ਵਿਛਾ ਰੱਖਿਆ ਹੈ। ਇਸ ਮਾਮਲੇ 'ਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਅਸਪਾਲ, ਕਿਸਾਨ ਸਭਾ ਦੇ ਅਲਬੇਲ ਸਿੰਘ ਘੁਮਿਆਰਾ ਅਤੇ ਸੁਰਜੀਤ ਸਿੰਘ ਮਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਫਰਜ਼ੀ ਟਰੈਵਲ ਏਜੰਟਾਂ ਦੀ ਸ਼ਨਾਖਤ ਕਰ ਕੇ ਠੋਸ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਫ਼ਰਜ਼ੀ ਡਿਗਰੀ, 40-40 ਲੱਖ ਰੁਪਏ ਤੇ ਹੋਰ ਪਤਾ ਨਹੀਂ ਕੀ ਕੁਝ ! ਅਮਰੀਕੀ ਵੀਜ਼ਾ ਦੇ ਨਾਂ 'ਤੇ ਇੰਝ ਹੋਈ ਕਰੋੜਾਂ ਦੀ ਠੱਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News