ਤੀਸਰੇ ਦਿਨ ਵੀ ਠੀਕ ਨਾ ਹੋਈ ਰੇਲ ਗੱਡੀਆਂ ਦੀ ਆਵਾਜਾਈ

08/29/2017 6:36:55 AM

ਅੰਮ੍ਰਿਤਸਰ,  (ਜਸ਼ਨ)-  ਉੱਤਰ ਰੇਲਵੇ ਲਗਾਤਾਰ ਤੀਸਰੇ ਦਿਨ ਵੀ ਸਾਰੀਆਂ ਰੇਲ ਗੱਡੀਆਂ ਨੂੰ ਪਟੜੀ 'ਤੇ ਨਹੀਂ ਲਿਆ ਸਕਿਆ ਹੈ। ਜ਼ਿਕਰਯੋਗ ਹੈ ਕਿ ਸਿਰਸੇ ਦੇ ਗੁਰਮੀਤ ਰਾਮ ਰਹੀਮ ਦੇ ਕੇਸ ਦੇ ਫੈਸਲੇ ਨੂੰ ਲੈ ਕੇ 25 ਅਗਸਤ ਨੂੰ ਉਸ ਦੇ ਪੈਰੋਕਾਰਾਂ ਨੇ ਕਾਫ਼ੀ ਖਰੂਦ ਮਚਾਇਆ ਸੀ ਜਿਸ ਕਾਰਨ ਉੱਤਰ ਰੇਲਵੇ ਨੇ ਰੇਲ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ 'ਤੇ ਰੱਖਦੇ ਹੋਏ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸਾਰੀਆਂ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਸੀ।  ਇਸ ਕਾਰਨ ਰੇਲ ਮੁਸਾਫਰਾਂ ਖਾਸ ਤੌਰ 'ਤੇ ਬਾਹਰੀ ਰਾਜਾਂ ਤੋਂ ਆਏ ਟੂਰਿਸਟਾਂ ਨੂੰ ਤਾਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 115 ਦੇ ਲਗਭਗ ਰੇਲ ਗੱਡੀਆਂ ਦੀ ਆਵਾਜਾਈ ਹੁੰਦੀ ਹੈ, ਉਥੇ ਹੀ ਰਾਮ ਰਹੀਮ ਦੇ ਮਾਮਲੇ ਨੂੰ ਲੈ ਕੇ ਬੀਤੇ ਦੋ ਦਿਨਾਂ ਤੋਂ ਕੋਈ ਵੀ ਰੇਲ ਗੱਡੀ ਨਹੀਂ ਚੱਲੀ ਸੀ ਅਤੇ ਨਾ ਹੀ ਕੋਈ ਰੇਲ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੀ ਸੀ।  
ਹੈਰਾਨੀਜਨਕ ਪਹਿਲੂ ਇਹ ਹੈ ਕਿ ਤਿੰਨ ਦਿਨਾਂ ਬਾਅਦ ਵੀ ਉੱਤਰ ਰੇਲਵੇ ਨੇ ਅੰਮ੍ਰਿਤਸਰ-ਦਿੱਲੀ ਰੂਟ, ਅੰਮ੍ਰਿਤਸਰ-ਚੰਡੀਗੜ੍ਹ ਰੂਟ ਉਤੇ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੱਦ ਕਰ ਰੱਖਿਆ ਹੈ, ਇਸ ਦੇ ਇਲਾਵਾ ਲੋਕਲ ਰੂਟ ਉਤੇ ਵੀ ਕਈ ਰੇਲ ਗੱਡੀਆਂ ਦੀ ਆਵਾਜਾਈ ਸੁਚੱਜੇ ਢੰਗ ਨਾਲ ਨਹੀਂ ਹੋ ਰਹੀ।


Related News