ਦਰਦਨਾਕ ਹਾਦਸਾ, ਮੋਟਰਸਾਈਕਲ ਵ੍ਹੀਲਚੇਅਰ ਨਾਲ ਟਕਰਾਇਆ, ਦਿਵਿਆਂਗ ਦੀ ਮੌਤ
Friday, Apr 11, 2025 - 04:18 PM (IST)

ਅਬੋਹਰ (ਸੁਨੀਲ) : ਬੀਤੀ ਦੇਰ ਰਾਤ ਨੇੜਲੇ ਪਿੰਡ ਖੁਈਆਂ ਸਰਵਰ ’ਚ ਇਕ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਨੇ ਇਕ ਅਪਾਹਜ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਲਗਭਗ 65 ਸਾਲਾ ਭਗਵਾਨ ਦਾਸ ਅਪਾਹਜ ਹੋਣ ਦੇ ਬਾਵਜੂਦ ਪਿੰਡ ’ਚ ਇਕ ਸਬਜ਼ੀ ਦੀ ਦੁਕਾਨ ’ਤੇ ਕੰਮ ਕਰਦਾ ਸੀ।
ਕੱਲ੍ਹ ਸ਼ਾਮ ਕੰਮ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਆਪਣੀ ਵ੍ਹੀਲਚੇਅਰ ’ਤੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਇਕ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸ ਦੀ ਵ੍ਹੀਲਚੇਅਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਵ੍ਹੀਲਚੇਅਰ ਪਲਟ ਗਈ ਅਤੇ ਉਹ ਸੜਕ ’ਤੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਇਸ ਬਾਰੇ ਐਂਬੂਲੈਂਸ ਡਰਾਈਵਰਾਂ ਨੂੰ ਸੂਚਿਤ ਕੀਤਾ। ਜਿਸ ’ਤੇ ਐੱਨ. ਐੱਚ. ਏ. ਆਈ. ਦੇ ਕਰਮਚਾਰੀ ਐਂਬੂਲੈਂਸ ਲੈ ਕੇ ਪਹੁੰਚੇ ਅਤੇ ਜ਼ਖਮੀ ਭਗਵਾਨ ਦਾਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਖੁਈਆਂ ਸਰਵਰ ਪੁਲਸ ਥਾਣਾ ਮਾਮਲੇ ਦੀ ਜਾਂਚ ਕਰ ਰਿਹਾ ਹੈ।