ਧੁੰਦ ’ਚ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ : ਟ੍ਰੈਫਿਕ ਇੰਚਾਰਜ
Wednesday, Jan 01, 2025 - 03:56 PM (IST)
ਤਲਵੰਡੀ ਭਾਈ (ਪਾਲ) : ਧੁੰਦ ਦੇ ਦਿਨਾਂ 'ਚ ਹੋਣ ਵਾਲੇ ਭਿਆਨਕ ਸੜਕ ਹਾਦਸਿਆਂ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਸੜਕਾਂ 'ਤੇ ਡਰਾਈਵਿੰਗ ਕਰਦੇ ਸਮੇਂ ਟ੍ਰੈਫਿਕ ਨਿਯਮਾ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਜੋ ਸੜਕ ਹਾਦਸਿਆਂ ਨੂੰ ਘੱਟ ਕਰਕੇ ਕੀਮਤੀ ਅਤੇ ਮਾਸੂਮ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ। ਇਹ ਵਿਚਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਤੇ ਸਥਾਨਕ ਟ੍ਰੈਫਿਕ ਇੰਚਾਰਜ ਗੁਰਪ੍ਰੀਤ ਸਿੰਘ ਨੇ ‘ਜੱਗਬਾਣੀ’ ਨਾਲ ਗੱਲਬਾਤ ਕਰਦਿਆਂ ਪੇਸ਼ ਕੀਤੇ।
ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਦੇਸ਼ ਦੇ ਸੰਵਿਧਾਨ ਮੁਤਾਬਕ ਟ੍ਰੈਫਿਕ ਦੇ ਨਿਯਮ ਬਣਾਏ ਗਏ ਹਨ, ਪਰ ਜ਼ਿਆਦਾਤਰ ਲੋਕਾਂ ਦੀ ਇਹ ਨਕਾਰਾਤਮਕ ਸੋਚ ਬਣ ਚੁੱਕੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਿਰਫ ਪੁਲਸ ਦੇ ਡਰ ਤੋਂ ਜਾਂ ਚਲਾਨ ਤੋਂ ਬਚਣ ਲਈ ਹੀ ਕੀਤੀ ਜਾਂਦੀ ਹੈ। ਟ੍ਰੈਫਿਕ ਨਿਯਮਾਂ ਦੀ ਅਣਗਹਿਲੀ ਕਰਨ ਵਾਲੇ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਕਈ ਲੋਕਾਂ ਨੇ ਆਪਣੇ ਵੱਲੋਂ ਇਹ ਅਸੂਲ ਹੀ ਬਣਾ ਲਿਆ ਹੈ ਕਿ ਜੇਕਰ ਕਿਸੇ ਟ੍ਰੈਫਿਕ ਸਿਗਨਲ 'ਤੇ ਹੋਈ ਲਾਲ ਬੱਤੀ 'ਤੇ ਸਾਨੂੰ ਕੋਈ ਨਹੀਂ ਦੇਖ ਰਿਹਾ ਤਾਂ ਨਿਯਮ ਤੋੜਨ 'ਚ ਕੀ ਹਰਜ਼ ਹੈ? ਪਰ ਅਜਿਹਾ ਕਰਦੇ ਸਮੇਂ ਉਹ ਲੋਕ ਇਹ ਭੁੱਲ ਜਾਂਦੇ ਹਨ ਕਿ ਸਾਡਾ ਇਹ ਲਾਪਰਵਾਹੀ ਭਰਿਆ ਵਰਤਾਰਾ ਜਿੱਥੇ ਆਪਣੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ, ਉੱਥੇ ਹੀ ਸਾਹਮਣੇ ਤੋਂ ਆ ਰਹੇ ਕਿੰਨੇ ਹੋਰ ਬੇਗੁਨਾਹ ਮੁਸਾਫ਼ਰਾਂ ਲਈ ਵੀ ਮੁਸੀਬਤਾਂ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਜਲਦੀ ਹੀ ਨਾਕੇ ਲਗਾ ਕੇ ਲੋਕਾਂ ਦੀਆਂ ਟਰਾਲੀਆਂ, ਗੱਡਿਆਂ ਅਤੇ ਹੋਰ ਧੁੰਦ 'ਚ ਦਿਖਾਈ ਨਾ ਦੇਣ ਵਾਲੇ ਛੋਟੇ-ਵੱਡੇ ਵ੍ਹੀਕਲਾਂ ਦੇ ਪਿੱਛੇ ਰਿਫਲੈਕਟਰ ਵਾਲੇ ਸਟਿੱਕਰ ਲਗਾਉਣ ਦਾ ਕਾਰਜ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਲੋਕ ਨਿਯਮਾਂ ਦੀ ਪਾਲਣਾ ਵੀ ਕਰਨ ਲੱਗ ਪੈਂਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉੱਥੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਾਰਨ ਉਨ੍ਹਾਂ ਨੂੰ ਭਾਈ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੜਕ ਨਿਯਮਾਂ ਦੀ ਪਾਲਣਾ ਆਪਣੀ ਅਤੇ ਦੂਜਿਆਂ ਦੀ ਭਲਾਈ ਲਈ ਕਰਨੀ ਚਾਹੀਦੀ ਹੈ ਤਾਂ ਜੋ ਸੜਕ ਹਾਦਸਿਆਂ ’ਚ ਜਾਣ ਵਾਲੀਆਂ ਅਨੇਕਾਂ ਅਣਮੋਲ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।