2022 ’ਚ ਬਿਨਾਂ ਹੈਲਮੇਟ ਵਾਲਿਆਂ ਦੇ ਸਭ ਤੋਂ ਜ਼ਿਆਦਾ ਲਾਇਸੈਂਸ ਮੁਅੱਤਲ
Monday, Dec 19, 2022 - 03:41 PM (IST)
ਚੰਡੀਗੜ੍ਹ (ਸੁਸ਼ੀਲ) : ਲਾਈਟ ਪੁਆਇੰਟ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਤੋਂ ਬਾਅਦ ਵਾਹਨ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਘਟੇ ਹਨ। ਚਾਲਕ ਜ਼ਿਆਦਾਤਰ ਟ੍ਰੈਫਿਕ ਨਿਯਮਾਂ ਨੂੰ ਤੋੜਨ ਤੋਂ ਕੰਨੀ ਕਤਰਾ ਰਹੇ ਹਨ, ਜਿਸ ਵਿਚ ਤਿੰਨ ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰ ਦਿੱਤੇ ਜਾਂਦੇ ਹਨ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਨਵਰੀ ਤੋਂ 30 ਨਵੰਬਰ ਤਕ ਤਿੰਨ ਮਹੀਨਿਆਂ ਲਈ 1118 ਲਾਇਸੈਂਸ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ। ਆਰ. ਐੱਲ. ਏ. ਨੇ ਚੰਡੀਗੜ੍ਹ ਪੁਲਸ ਦੀ ਸਿਫਾਰਸ਼ ਮੰਨਦਿਆਂ 1118 ਚਾਲਕਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 2021 ਵਿਚ ਟ੍ਰੈਫਿਕ ਪੁਲਸ ਨੇ 4057 ਡਰਾਈਵਰਾਂ ਅਤੇ 2020 ਵਿਚ 4423 ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਸਸਪੈਂਡ ਕਰਵਾਏ ਸਨ।
ਪਿਛਲੇ ਸਾਲਾਂ ਵਿਚ ਟ੍ਰੈਫਿਕ ਪੁਲਸ ਨੇ ਬਿਨ੍ਹਾਂ ਹੈਲਮੇਟ ਤੋਂ ਵਾਹਨ ਚਲਾਉਣ ਵਾਲੇ ਜ਼ਿਆਦਾਤਰ ਦੋਪਹੀਆ ਵਾਹਨ ਚਾਲਕਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਸਨ, ਜਿਨ੍ਹਾਂ ਵਿਚ 2021 ਵਿਚ 2510 ਅਤੇ 2020 ਵਿਚ 2006 ਬਿਨਾਂ ਹੈਲਮੇਟ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਸਨ। ਚੰਡੀਗੜ੍ਹ ਟ੍ਰੈਫਿਕ ਪੁਲਸ ਮੋਟਰ ਵ੍ਹੀਕਲ ਐਕਟ ਦੀ ਧਾਰਾ-19, ਕੇਂਦਰੀ ਮੋਟਰ ਵ੍ਹੀਕਲ ਰੂਲਜ-1989 ਤਹਿਤ ਡਰਾਈਵਿੰਗ, ਓਵਰਸਪੀਡਿੰਗ, ਸ਼ਰਾਬ ਪੀ ਕੇ ਡਰਾਈਵਿੰਗ ਅਤੇ ਰੈੱਡ ਲਾਈਟ ਜੰਪਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਲਈ 6 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰਨ ਦੀ ਸਿਫਾਰਸ਼ ਕਰਦੀ ਹੈ। ਇਸ ਦੇ ਨਾਲ ਹੀ ਬਿਨਾਂ ਹੈਲਮੇਟ ਦੇ ਸਵਾਰੀ ਲਈ 3 ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ।
ਮੁਅੱਤਲ ਲਾਇਸੈਂਸ ਦਾ ਡਾਟਾ
ਟ੍ਰੈਫਿਕ ਪੁਲਸ ਨੇ ਦੱਸਿਆ ਕਿ ਇਸ ਸਾਲ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਲਾਉਣ ਵਾਲਿਆਂ ਦੇ ਲਾਇਸੈਂਸ ਮੁਅੱਤਲ ਕਰਨ ਦੇ ਸਭ ਤੋਂ ਵੱਧ 670 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ 275 ਓਵਰਸਪੀਡ, 62 ਮੋਬਾਇਲ ਫੋਨ ਦੀ ਵਰਤੋਂ, 36 ਓਵਰਲੋਡਿੰਗ/ਟ੍ਰਿਪਲ ਰਾਈਡਿੰਗ, 28 ਰੈੱਡ ਲਾਈਟ ਜੰਪ, 21 ਸ਼ਰਾਬ ਪੀ ਕੇ ਡਰਾਈਵਿੰਗ ਕਰਨ, 15 ਖ਼ਤਰਨਾਕ ਡਰਾਈਵਿੰਗ ਅਤੇ 11 ਲਾਇਸੈਂਸ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ’ਤੇ ਮੁਅੱਤਲ ਹੋਏ ਹਨ।
ਇਨ੍ਹਾਂ ਆਫੈਂਸ ’ਚ ਹੋਏ ਸਨ ਲਾਇਸੈਂਸ ਮੁਅੱਤਲ
2021 ਵਿਚ ਓਵਰਸਪੀਡਿੰਗ ਦੇ 873, ਮੋਬਾਇਲ ਫੋਨ ਦੀ ਵਰਤੋਂ ਕਰਨ ਦੇ 342, ਰੈੱਡ ਲਾਈਟ ਜੰਪ ਦੇ 147, ਓਵਰਲੋਡਿੰਗ/ਟ੍ਰਿਪਲ ਰਾਈਡਿੰਗ ਲਈ 91, ਪ੍ਰੈਸ਼ਰ ਹਾਰਨ ਲਈ 82, ਡਰੰਕਨ ਡਰਾਈਵ ਦੇ 9 ਅਤੇ ਰਿਫਲੈਕਟਰ ਸਬੰਧੀ 3 ਲੋਕਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਸਨ। 2020 ਵਿਚ 2,170 ਲੋਕਾਂ ਦੇ ਲਾਇਸੈਂਸ ਓਵਰਸਪੀਡਿੰਗ ਅਤੇ 2,006 ਬਿਨ੍ਹਾਂ ਹੈਲਮੇਟ ਕਾਰਨ ਮੁਅੱਤਲ ਕੀਤੇ ਗਏ ਸਨ।