ਸਾਵਧਾਨ! ਜੇ ਬੁਲਟ ਰੱਖਿਆ ਪਟਾਕੇ ਪਾਉਣ ਨੂੰ

Friday, Jan 12, 2018 - 02:16 AM (IST)

ਫਿਰੋਜ਼ਪੁਰ(ਭੁੱਲਰ)-ਬੁਲਟ ਹੈ ਰੱਖਿਆ ਪਟਾਕੇ ਪਾਉਣ ਨੂੰ, ਤਾਂ ਹੋ ਜਾਓ ਸਾਵਧਾਨ! ਕਿਉਂਕਿ ਇਸ ਮਾਮਲੇ ਵਿਚ ਹੁਣ ਟਰੈਫਿਕ ਪੁਲਸ ਕਿਸੇ ਵਾਰਨਿੰਗ ਜਾਂ ਲਿਹਾਜ ਨਾਲ ਪੱਲਾ ਝਾੜਨ ਦੇ ਮੂਡ ਵਿਚ ਨਹੀਂ ਹੈ। ਪਟਾਕੇ ਪਾ ਰਹੇ ਬੁਲਟ ਮੋਟਰਸਾਈਕਲਾਂ ਖਿਲਾਫ ਟਰੈਫਿਕ ਪੁਲਸ ਨੇ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਤਾਜ਼ਾ ਮਿਸਾਲ ਬੀਤੇ ਕੱਲ ਅਜਿਹੀ ਕੋਤਾਹੀ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰ ਕੇ ਪੰਜ ਮੋਟਰਸਾਈਕਲ ਥਾਣੇ ਜ਼ਬਤ ਕਰ ਦਿੱਤੇ ਹਨ ਤੇ ਬਾਕੀਆਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਜ਼ੀਰਾ ਇਲਾਕੇ ਦੇ ਪਿੰਡ ਸੰਤੂ ਵਾਲਾ ਦੇ ਇਕ ਅਜਿਹੇ ਚਾਲਕ ਦਾ ਬੁਲਟ ਮੋਟਰਸਾਈਕਲ ਵੀ ਥਾਣੇ ਜ਼ਬਤ ਕਰ ਲਿਆ ਗਿਆ, ਜੋ ਕੱਲ ਹੀ ਨਵਾਂ ਕਢਵਾ ਕੇ ਲਿਆਇਆ ਸੀ ਤੇ ਅੱਜ ਪਟਾਕੇ ਪਾਉਣ ਦੇ ਦੋਸ਼ ਵਿਚ ਮੋਟਰਸਾਈਕਲ ਥਾਣੇ ਬੰਦ ਕਰਵਾ ਬੈਠਾ। ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਛਾਉਣੀ ਦੇ ਟਰੈਫਿਕ ਪੁਲਸ ਇੰਚਾਰਜ ਕੁਲਦੀਪ ਕੁਮਾਰ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਹਰ ਅਜਿਹੇ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ, ਜੋ ਨਿਯਮਾਂ ਦੀ ਕੋਤਾਹੀ ਕਰੇਗਾ। ਉਨ੍ਹਾਂ ਕਿਹਾ ਕਿ ਬੀਤੇ ਕੱਲ 25 ਲੋਕਾਂ ਦੇ ਚਲਾਨ ਕੀਤੇ ਹਨ ਜਿਨ੍ਹਾਂ ਵਿਚ 8 ਬੁਲਟ ਚਾਲਕ ਸਨ। ਇਨ੍ਹਾਂ ਤੋਂ ਇਲਾਵਾ ਬਿਨਾਂ ਨੰਬਰ ਪਲੇਟ, ਬਿਨਾਂ ਸੀਟ ਬੈਲਟ, ਵੱਧ ਉਚਾਈ, ਵੱਧ ਲੰਬਾਈ, ਪ੍ਰੈਸ਼ਰ ਹਾਰਨ ਆਦਿ ਸਬੰਧੀ ਕੋਤਾਹੀ ਵਰਤਣ ਵਾਲੇ ਲੋਕ ਵੀ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਨਾਲ ਹੌਲਦਾਰ ਅਰਜੁਨ ਸਿੰਘ, ਮਲਕੀਤ ਸਿੰਘ ਅਤੇ ਗੁਰਮੀਤ ਸਿੰਘ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਅਜਿਹੇ ਮਨਚਲੇ ਨੌਜਵਾਨਾਂ ਲਈ ਕਾਨੂੰਨ ਵਿਚ ਛੇ ਸਾਲ ਤੱਕ ਸਜ਼ਾ ਦੀ ਵਿਵਸਥਾ ਵੀ ਹੈ। ਸੋ ਇਸ ਲਈ ਜੋ ਅੱਲੜ੍ਹ ਉਮਰ ਦੇ ਚਾਲਕ ਹਨ। ਉਨ੍ਹਾਂ ਦੇ ਮਾਪਿਆਂ ਨੂੰ ਇਸ ਸਬੰਧੀ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੇਕਰ ਪਟਾਕੇ ਪਾ ਰਿਹਾ ਚਾਲਕ ਕਿਤੇ ਨਾਬਾਲਗ ਹੋਇਆ ਤਾਂ ਉਸ ਦੇ ਮਾਪਿਆਂ ਜਾਂ ਬੁਲਟ ਦੇ ਮਾਲਕੀ ਹੱਕ ਰੱਖਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
 


Related News