ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

Thursday, May 26, 2022 - 08:55 PM (IST)

ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਮੰਤਰੀਆਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ ਤਾਂ ਜੋ ਭ੍ਰਿਸ਼ਟਾਚਾਰ ਦਾ ਕੋਈ ਹੋਰ ਮਾਮਲਾ ਸਾਹਮਣੇ ਨਾ ਆ ਸਕੇ। ਉਥੇ ਹੀ ਅਕਾਲੀਆਂ ਦੇ ਰਾਜ ਦੌਰਾਨ ਹੋਏ ਬਹੁ-ਕਰੋੜੀ ਸਿੰਚਾਈ ਘਪਲੇ ਦੀਆਂ ਫਾਈਲਾਂ ਮਾਨ ਸਰਕਾਰ ਵੱਲੋਂ ਵੀ ਮੁੜ ਖੋਲ੍ਹੀਆਂ ਜਾ ਸਕਦੀਆਂ ਹਨ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-

ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ CM ਮਾਨ ਦਾ ਮੰਤਰੀਆਂ ਲਈ ਨਵਾਂ ਫਰਮਾਨ ਜਾਰੀ
ਡਾ. ਵਿਜੇ ਸਿੰਗਲਾ ਦੇ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀਆਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ ਤਾਂ ਜੋ ਕੋਈ ਹੋਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਨਾ ਆ ਸਕੇ।

ਭਗਵੰਤ ਮਾਨ ਦੀ ਕੈਬਨਿਟ ਨੂੰ ਲੈ ਕੇ ਅਹਿਮ ਖ਼ਬਰ, ਬਜਟ ਸੈਸ਼ਨ ਤੋਂ ਬਾਅਦ ਕੀਤਾ ਜਾ ਸਕਦੈ ਵਾਧਾ!
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੀ ਕੈਬਨਿਟ ’ਚੋਂ ਬਰਖ਼ਾਸਤ ਕਰਨ ਤੋਂ ਬਾਅਦ ਨਵੇਂ ਸਿਹਤ ਮੰਤਰੀ ਨੂੰ ਲੈ ਕੇ ਚਰਚੇ ਤੇਜ਼ ਹੋ ਗਏ ਹਨ। ਨਵਾਂ ਸਿਹਤ ਮੰਤਰੀ ਬਣਨ ਦੀ ਦੌੜ 'ਚ ਅੱਧੀ ਦਰਜਨ ਮੰਤਰੀਆਂ ਤੇ ਵਿਧਾਇਕਾਂ ਦੇ ਨਾਂ ਸਾਹਮਣੇ ਆ ਰਹੇ ਹਨ।

ਹੁਣ ਪੰਜਾਬ ਦੇ ਸਰਕਾਰੀ ਹਸਪਤਾਲ PGI 'ਚ ਸਿੱਧਾ ਰੈਫ਼ਰ ਨਹੀਂ ਕਰ ਸਕਣਗੇ ਮਰੀਜ਼, ਜਾਣੋ ਕਾਰਨ
ਹੁਣ ਸਰਕਾਰੀ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਪੀ. ਜੀ. ਆਈ. 'ਚ ਸਿੱਧਾ ਰੈਫ਼ਰ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਸਿੱਧਾ ਪੀ. ਜੀ. ਆਈ. ਅਤੇ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਚੰਡੀਗੜ੍ਹ 'ਚ ਰੈਫ਼ਰ ਕਰਨ 'ਤੇ ਰੋਕ ਲਾ ਦਿੱਤੀ ਹੈ।

CM ਮਾਨ ਵੱਲੋਂ ਬ੍ਰਿਟਿਸ਼ ਹਾਈ ਕਮਿਸ਼ਨਰ ਨਾਲ ਮੁਲਾਕਾਤ, ਚੰਡੀਗੜ੍ਹ ਤੋਂ ਲੰਡਨ ਵਿਚਾਲੇ ਸਿੱਧੀ ਉਡਾਣ ਦੀ ਕੀਤੀ ਵਕਾਲਤ
ਪੰਜਾਬ ਤੇ ਬਰਤਾਨੀਆ ਨੇ ਅੱਜ ਖੇਤੀਬਾੜੀ, ਸੂਚਨਾ ਤੇ ਤਕਨਾਲੋਜੀ (ਆਈ. ਟੀ.), ਫੂਡ ਪ੍ਰਾਸੈਸਿੰਗ, ਉਚੇਰੀ ਸਿੱਖਿਆ, ਖੇਡਾਂ, ਜਨਤਕ ਟਰਾਂਸਪੋਰਟ (ਇਲੈਕਟ੍ਰਿਕ ਬੱਸਾਂ) ਅਤੇ ਬਾਇਓਮਾਸ ਵਰਗੇ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ਦੀ ਸਹਿਮਤੀ ਦਿੱਤੀ।

ਭਖ ਸਕਦੀ ਹੈ ਪੰਜਾਬ ਦੀ ਸਿਆਸਤ, ਅਕਾਲੀਆਂ ਵੇਲੇ ਹੋਏ ਕਰੋੜਾਂ ਦੇ ਸਿੰਚਾਈ ਘਪਲੇ ਦੀਆਂ ਵੀ ਖੁੱਲ੍ਹਣਗੀਆਂ ਫਾਈਲਾਂ
ਅਕਾਲੀਆਂ ਦੇ ਰਾਜਕਾਲ ਦੌਰਾਨ ਹੋਏ ਬਹੁ-ਕਰੋੜੀ ਸਿੰਚਾਈ ਘਪਲੇ ਦੀਆਂ ਫਾਈਲਾਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਵੀ ਖੋਲ੍ਹੀਆਂ ਜਾ ਸਕਦੀਆਂ ਹਨ। ਮੁੱਖ ਮੰਤਰੀ ਨੇ ਵਿਜੀਲੈਂਸ ਮਹਿਕਮੇ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਸਾਰੀਆਂ ਫਾਈਲਾਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮਾਨ ਸਰਕਾਰ ਨੂੰ ਵੱਡਾ ਝਟਕਾ, ਰਾਜਪਾਲ ਦਾ 'ਇਕ ਵਿਧਾਇਕ ਇਕ ਪੈਨਸ਼ਨ' ਆਰਡੀਨੈਂਸ 'ਤੇ ਹਸਤਾਖ਼ਰ ਕਰਨ ਤੋਂ ਇਨਕਾਰ
ਪੰਜਾਬ ਦੀ ਮਾਨ ਸਰਕਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 'ਇਕ ਵਿਧਾਇਕ, ਇਕ ਪੈਨਸ਼ਨ' ਆਰਡੀਨੈਂਸ 'ਤੇ ਹਸਤਾਖ਼ਰ ਕਰਨ ਤੋਂ ਇਨਕਾਰ ਕਰ ਦਿੱਤਾ।

ਕੇਂਦਰੀ ਜੇਲ੍ਹ ਫਰੀਦਕੋਟ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਾਨ ਸਰਕਾਰ ਵੱਲੋਂ ਜੇਲ੍ਹ ਸੁਪਰਡੈਂਟ ਖ਼ਿਲਾਫ਼ ਵੱਡੀ ਕਾਰਵਾਈ
ਫਰੀਦਕੋਟ ਜੇਲ੍ਹ ’ਚੋਂ ਹਵਾਲਾਤੀ ਵੱਲੋਂ ਵੀਡੀਓ ਵਾਇਰਲ ਕੀਤੇ ਜਾਣ ਨੂੰ ਲੈ ਕੈ ਭਗਵੰਤ ਮਾਨ ਦੀ ਸਰਕਾਰ ਜੇਲ੍ਹਾਂ ’ਚ ਮੋਬਾਇਲ ਫੋਨਾਂ ਸਬੰਧੀ ਸਖ਼ਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਜੇਲ੍ਹ ਸੁਪਰਡੈਂਟ ਜੁਗਿੰਦਰ ਪਾਲ ’ਤੇ ਮਾਨ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।

ਵਿਵਾਦਾਂ 'ਚ ਘਿਰੇ ਗਾਇਕ ਸਤਵਿੰਦਰ ਬੁੱਗਾ, ਭਰਾ ਨੇ ਲਗਾਏ ਜ਼ਮੀਨ 'ਤੇ ਕਬਜ਼ਾ ਕਰਨ ਦੇ ਇਲਜ਼ਾਮ (ਵੀਡੀਓ)
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਤਵਿੰਦਰ ਬੁੱਗਾ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਸਤਵਿੰਦਰ ਬੁੱਗਾ ਦੇ ਵੱਡੇ ਭਰਾ ਦਵਿੰਦਰ ਸਿੰਘ ਭੋਲਾ ਨੇ ਉਨ੍ਹਾਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਿਤਾ ਜੀ ਦੀ ਪੁਰਖੀ ਜ਼ਮੀਨ 'ਤੇ ਕਬਜ਼ਾ ਕਰਕੇ ਉਸ ਨੂੰ ਆਪਣੇ ਨਾਮ ਕਰਵਾ ਲਿਆ ਹੈ।

ਮੋਦੀ ਸਰਕਾਰ ਦੇ 8 ਸਾਲ ਪੂਰੇ, ਕਾਰਜਕਾਲ ਦੌਰਾਨ ਲਏ ਉਹ 8 ਇਤਿਹਾਸਕ ਫ਼ੈਸਲੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋ ਗਏ ਹਨ। 8 ਸਾਲ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਨੇ ਜਨ ਤੋਂ ਲੈ ਕੇ ਧਨ ਤੱਕ ਨਾਲ ਜੁੜੇ ਸਭ ਤੋਂ ਵੱਡੇ ਫ਼ੈਸਲੇ ਲਏ ਹਨ। ਫਿਰ ਭਾਵੇਂ ਨੋਟਬੰਦੀ ਹੋਵੇ, ਜੀ.ਐੱਸ.ਟੀ. ਹੋਵੇ ਜਾਂ ਜਨ-ਧਨ ਯੋਜਨਾ। ਮੋਦੀ ਸਰਕਾਰ ਵਲੋਂ ਲਏ ਹਨ 8 ਫ਼ੈਸਲੇ ਇਤਿਹਾਸਕ ਸਾਬਿਤ ਹੋਏ ਹਨ।

ਸੁਪਰੀਮ ਕੋਰਟ ਨੇ ਵੇਸਵਾਪੁਣੇ ਨੂੰ ਮੰਨਿਆ 'ਪੇਸ਼ਾ', ਪੁਲਸ ਅਤੇ ਮੀਡੀਆ ਨੂੰ ਦਿੱਤੀ ਸਖ਼ਤ ਹਦਾਇਤ
ਸੈਕਸ ਵਰਕਰਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਕਦਮ ਚੁੱਕਿਆ ਹੈ। ਕੋਰਟ ਨੇ ਸੈਕਸ ਵਕਰ ਨੂੰ ਬਤੌਰ ਪ੍ਰੋਫੈਸ਼ਨ ਸਵੀਕਾਰ ਕੀਤਾ ਹੈ। ਕੋਰਟ ਨੇ ਕਿਹਾ ਕਿ ਇਸ ਪੇਸ਼ੇ 'ਚ ਸ਼ਾਮਲ ਲੋਕਾਂ ਨੂੰ ਸਨਮਾਨਪੂਰਵਕ ਜਿਊਂਣ ਦਾ ਅਧਿਕਾਰ ਹੈ, ਉਨ੍ਹਾਂ ਨੂੰ ਕਾਨੂੰਨ ਦੇ ਅਧੀਨ ਸਮਾਨ ਸੁਰੱਖਿਆ ਦਾ ਅਧਿਕਾਰ ਹੈ।

ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 13 ਲੋਕਾਂ ਦੀ ਮੌਤ, ਕਈ ਹੋਰ ਲੜ ਰਹੇ ਨੇ ਜ਼ਿੰਦਗੀ ਦੀ ਜੰਗ
ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ, ਜਦੋਂ ਕਿ ਕਈ ਹੋਰ ਹਸਪਤਾਲਾਂ 'ਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ।

Twitter ਨੂੰ ਵੱਡਾ ਝਟਕਾ , ਅਮਰੀਕਾ 'ਚ ਕੰਪਨੀ 'ਤੇ ਲੱਗਾ 15 ਕਰੋੜ ਡਾਲਰ ਦਾ ਜੁਰਮਾਨਾ
ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਟਵਿੱਟਰ 'ਤੇ ਉਪਭੋਗਤਾਵਾਂ ਦੀ ਗੋਪਨੀਯਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਕਾਰਨ ਟਵਿਟਰ 'ਤੇ 15 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

ਬਾਈਡੇਨ ਨੇ ਦਿੱਤਾ ਹਥਿਆਰਾਂ ’ਤੇ ਪਾਬੰਦੀ ਦਾ ਸੱਦਾ, ਪੁਲਸ ਸੁਧਾਰ ਕਾਰਜਕਾਰੀ ਆਦੇਸ਼ 'ਤੇ ਕੀਤੇ ਦਸਤਖ਼ਤ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਟੈਕਸਾਸ ਦੇ ਸਕੂਲ ਵਿਚ ਗੋਲੀਬਾਰੀ ਵਿਚ ਬੱਚਿਆਂ ਦੀ ਮੌਤ ’ਤੇ ਗੁੱਸਾ, ਨਿਰਾਸ਼ਾ ਅਤੇ ਦੁੱਖ ਪ੍ਰਗਟਾਉਂਦੇ ਹੋਏ ਹਥਿਆਰਾਂ ’ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਸੱਦਾ ਦਿੱਤਾ।

ਸੇਨੇਗਲ 'ਚ ਹਸਪਤਾਲ 'ਚ ਲੱਗੀ ਭਿਆਨਕ ਅੱਗ, 11 ਨਵਜੰਮੇ ਬੱਚਿਆਂ ਦੀ ਹੋਈ ਮੌਤ
ਪੱਛਮੀ ਅਫਰੀਕਾ ਦੇ ਦੇਸ਼ ਸੇਨੇਗਲ ਵਿੱਚ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 11 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਮੈਕੀ ਸੌਲ ਨੇ ਇਹ ਜਾਣਕਾਰੀ ਦਿੱਤੀ।

ਈਰਾਨ 'ਚ 10 ਮੰਜ਼ਿਲਾ ਇਮਾਰਤ ਡਿੱਗੀ, 19 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
ਈਰਾਨ ਦੇ ਦੱਖਣ-ਪੱਛਮੀ ਸ਼ਹਿਰ ਅਬਾਦਾਨ ਵਿੱਚ ਇੱਕ 10 ਮੰਜ਼ਿਲਾ ਵਪਾਰਕ ਇਮਾਰਤ ਦੇ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ। ਅਰਧ-ਸਰਕਾਰੀ ਸਮਾਚਾਰ ਏਜੰਸੀ ਆਈ.ਐਸ.ਐਨਏ. ਨੇ ਵੀਰਵਾਰ ਨੂੰ ਇੱਕ ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

ਕਾਬੁਲ ਦੀ ਮਸਜਿਦ ’ਚ ਧਮਾਕਾ ਤੇ ਉੱਤਰੀ ਅਫ਼ਗਾਨਿਸਤਾਨ ’ਚ IS ਦੇ ਹਮਲੇ ’ਚ 14 ਦੀ ਮੌਤ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਮਸਜਿਦ ਦੇ ਅੰਦਰ ਹੋਏ ਇਕ ਧਮਾਕੇ ’ਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਦੇਸ਼ ਦੇ ਉੱਤਰ ’ਚ ਤਿੰਨ ਮਿੰਨੀ ਵੈਨਾਂ ’ਚ ਹੋਏ ਬੰਬ ਧਮਾਕਿਆਂ ’ਚ 9 ਲੋਕਾਂ ਦੀ ਮੌਤ ਹੋ ਗਈ।

ਜਰਮਨੀ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੱਡੀ ਰਾਹਤ, ਸਰਕਾਰ ਨੇ ਲਿਆ ਇਹ ਫ਼ੈਸਲਾ
ਭਾਰਤ ਅਤੇ ਭੂਟਾਨ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਨੂੰ ਯਾਤਰਾ ਦੇ ਉਦੇਸ਼ ਨਾਲ 1 ਜੂਨ ਤੋਂ ਮਾਨਤਾ ਦੇਵੇਗਾ।


author

Mukesh

Content Editor

Related News