ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Tuesday, May 17, 2022 - 10:38 PM (IST)
ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਧਰਤੀ ਅਤੇ ਪਾਣੀ ਦੇ ਵਿਸ਼ੇ ’ਤੇ ਅਹਿਮ ਵਿਚਾਰ-ਚਰਚਾ ਕੀਤੀ। ਉਥੇ ਡਰੱਗਜ਼ ਮਾਮਲੇ 'ਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਕਿਸਾਨਾਂ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਦੀ ਤਿਆਰੀ ਕਰ ਲਈ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-
CM ਮਾਨ ਨੇ ਸੰਤ ਸੀਚੇਵਾਲ ਤੇ NGT ਨਾਲ ਕੀਤੀ ਮੀਟਿੰਗ, ਹੋਈ ਅਹਿਮ ਵਿਚਾਰ-ਚਰਚਾ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਧਰਤੀ ਤੇ ਪਾਣੀ ਦੇ ਵਿਸ਼ੇ ’ਤੇ ਅਹਿਮ ਵਿਚਾਰ-ਚਰਚਾ ਹੋਈ।
ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੇ ਨਿਹੰਗ ਸਿੰਘ ਗ੍ਰਿਫ਼ਤਾਰ
ਸਮਰਾਲਾ ਦੇ ਪਿੰਡ ਮੰਜਾਲੀ ਕਲਾਂ ਵਿਖੇ ਨਿਹੰਗ ਸਿੰਘਾਂ ਵੱਲੋਂ ਇਕ 22 ਸਾਲ ਦੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਨ ਦੀ ਘਟਨਾ 'ਚ ਪੁਲਸ ਨੇ 3 ਨਿਹੰਗ ਸਿੰਘਾਂ ਤੇ ਉਨ੍ਹਾਂ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
'ਬਿਕਰਮ ਮਜੀਠੀਆ' ਜ਼ਮਾਨਤ ਲਈ ਪੁੱਜੇ ਹਾਈਕੋਰਟ, ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ
ਬਹੁ ਕਰੋੜੀ ਡਰੱਗਜ਼ ਮਾਮਲੇ 'ਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਸੁਪਰੀਮ ਕੋਰਟ 'ਚ ਇਹ ਕੇਸ ਖਾਰਜ ਕਰਨ ਦੀ ਪਟੀਸ਼ਨ ਪਾਈ ਗਈ ਸੀ।
ਪੰਚਾਇਤੀ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲਿਆਂ ਦੇ ਹੱਕ ’ਚ ਨਿੱਤਰੇ ਸੁਖਪਾਲ ਖਹਿਰਾ, ਦਿੱਤਾ ਇਹ ਸੱਦਾ
ਪੰਜਾਬ ’ਚ ਪੰਚਾਇਤੀ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲਿਆਂ ਦੇ ਹੱਕ ’ਚ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨਿੱਤਰ ਆਏ ਹਨ। ਖਹਿਰਾ ਨੇ ਪੰਚਾਇਤੀ ਜ਼ਮੀਨਾਂ ਤੋਂ ਜਿਨ੍ਹਾਂ-ਜਿਨ੍ਹਾਂ ਵਿਅਕਤੀਆਂ ਦਾ ਸਰਕਾਰ ਨੇ ਕਬਜ਼ਾ ਛੁਡਵਾਇਆ ਹੈ, ਉਨ੍ਹਾਂ ਨੂੰ ਮੁਹਾਲੀ ਵਿਖੇ ਇਕੱਠਾ ਹੋਣ ਦਾ ਸੱਦਾ ਦਿੱਤਾ ਹੈ।
ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਲਈ ਤਿਆਰ 'ਕਿਸਾਨ', ਪੁਲਸ ਨੇ ਬੈਰੀਅਰ ਸਣੇ ਸੀਲ ਕੀਤੀਆਂ ਸੜਕਾਂ
ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੰਗਲਵਾਰ ਨੂੰ ਇਕੱਠੀਆਂ ਹੋਈਆਂ ਕਿਸਾਨ ਜੱਥੇਬੰਦੀਆਂ ਵੱਲੋਂ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣ ਦੀ ਤਿਆਰੀ ਕਰ ਲਈ ਗਈ ਹੈ। ਹਾਲਾਂਕਿ ਇਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਮੋਹਾਲੀ ਅਤੇ ਚੰਡੀਗੜ੍ਹ ਪੁਲਸ ਵੱਲੋਂ ਵਾਈ. ਪੀ. ਐੱਸ. ਚੌਂਕ ਨੇੜਲੇ ਚੰਡੀਗੜ੍ਹ-ਮੋਹਾਲੀ ਬੈਰੀਅਰ 'ਤੇ ਸਖ਼ਤ ਬੈਰੀਕੇਡਿੰਗ ਕੀਤੀ ਗਈ ਹੈ।
ਮੋਹਾਲੀ ਧਰਨੇ 'ਚ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਐਲਾਨ (ਵੀਡੀਓ)
ਬੀਤੇ ਦਿਨੀਂ ਕਿਸਾਨ ਯੂਨੀਅਨਾਂ ਨੇ ਐਲਾਨ ਕੀਤਾ ਸੀ ਕਿ 23 ਕਿਸਾਨ ਜਥੇਬੰਦੀਆਂ ਵੱਲੋਂ 17 ਮਈ ਨੂੰ ਚੰਡੀਗੜ੍ਹ ਵਿਖੇ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾਵੇਗਾ ਤੇ ਇਹ ਸੰਘਰਸ਼ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਜਾਰੀ ਰਹੇਗਾ।
ਬਟਾਲਾ ’ਚ ਚਾਰ ਸਾਲਾ ਬੱਚਾ ਅਗਵਾ, ਸੀ. ਸੀ. ਟੀ. ਵੀ. ’ਚ ਕੈਦ ਹੋਈ ਘਟਨਾ
ਅੱਜ ਸਵੇਰੇ ਕਰੀਬ 7 ਵਜੇ ਬਟਾਲਾ ਦੇ ਨਜ਼ਦੀਕੀ ਪਿੰਡ ਡੁੱਡੀਪੁਰ ਵਿਖੇ ਮੋਟਰਸਾਈਕਲ ਸਵਾਰ ਦੋ ਵਿਅਕਤੀ 4 ਸਾਲਾ ਮਾਸੂਮ ਬੱਚੇ ਨੂੰ ਅਗਵਾ ਕਰਕੇ ਫਰਾਰ ਹੋ ਗਏ।
ਪੰਜਾਬ ’ਚ ਲੂ ਦਾ ਕਹਿਰ, ਗਰਮੀ ਦੀ ਤਪਸ਼ ਨਾਲ 8 ਸਾਲਾ ਮਾਸੂਮ ਦੀ ਮੌਤ
ਅੱਤ ਦੀ ਪੈ ਰਹੀ ਗਰਮੀ ਦੀ ਤਪਸ਼ ਨੇ ਅੱਜ ਇੱਥੇ ਇਕ ਮਾਸੂਮ ਬੱਚੇ ਦੀ ਜਾਨ ਲੈ ਲਈ। ਸਥਾਨਕ ਪੱਤੀ ਦੁੱਲਟ ਦੇ ਵਸਨੀਕ ਪ੍ਰਗਟ ਸਿੰਘ ਦਾ ਪੁੱਤਰ ਮਹਿਕਪ੍ਰੀਤ ਸਿੰਘ (8) ਜੋ ਕਿ ਇਥੋਂ ਦੀ ਜੈਦ ਪੱਤੀ ਵਿਖੇ ਸਥਿਤ ਸਰਕਾਰੀ ਸਕੂਲ ’ਚ ਚੌਥੀ ਜਮਾਤ ਦਾ ਵਿਦਿਆਰਥੀ ਸੀ।
ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ
ਬੀਤੀ ਰਾਤ ਇਕ ਐੱਨ.ਆਰ.ਆਈ. ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ (21) ਪੁੱਤਰ ਸਰਵਣ ਸਿੰਘ ਵਾਸੀ ਕਲੀਚਪੁਰ ਥਾਣਾ ਦੀਨਾਨਗਰ ਵਜੋਂ ਹੋਈ ਹੈ।
ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਸਿਵਲ ਹਸਪਤਾਲ ਦੇ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ
ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਤਾਇਨਾਤ ਚਰਨਪ੍ਰੀਤ ਸਿੰਘ ਦਾ ਬੀਤੀ ਰਾਤ ਕੁਝ ਹਥਿਆਰਬੰਦ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਆਪਣੀ ਰਿਹਾਇਸ਼ ’ਤੇ CBI ਦੀ ਰੇਡ ਮਗਰੋਂ ਜਾਣੋ ਕੀ ਬੋਲੇ ਪੀ. ਚਿਦਾਂਬਰਮ
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਮੰਗਲਵਾਰ ਨੂੰ ਕਿਹਾ ਕਿ ਸੀ. ਬੀ. ਆਈ. ਨੇ ਅੱਜ ਉਨ੍ਹਾਂ ਦੀ ਚੇਨਈ ਅਤੇ ਦਿੱਲੀ ਸਥਿਤ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਅਤੇ ਕੁਝ ਵੀ ਜ਼ਬਤ ਨਹੀਂ ਕੀਤਾ ਗਿਆ।
PM ਮੋਦੀ ਨੇ ਲਾਂਚ ਕੀਤਾ 5G Test Bed, ਕਿਹਾ- ਪਿੰਡਾਂ ਤੱਕ 5ਜੀ ਤਕਨਾਲੋਜੀ ਪਹੁੰਚਾਉਣ ’ਚ ਕਰੇਗਾ ਮਦਦ
ਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਤੀ (ਟਰਾਈ) ਦੀ 25ਵੀਂ ਵਰ੍ਹੇਗੰਢ ਮੌਕੇ 5G Test Bed ਲਾਂਚ ਕੀਤਾ ਹੈ। ਇਸ 5G Test Bed ਨੂੰ 8 ਸੰਸਥਾਵਾਂ ਨੇ ਮਿਲ ਕੇ ਤਿਆਰ ਕੀਤਾ ਹੈ, ਜਿਸਦੀ ਅਗਵਾਈ IITs ਮਦਰਾਸ ਨੇ ਕੀਤੀ।
ਰਾਸ਼ਟਰਪਤੀ ਕੋਵਿੰਦ ਨੇ ਜਮਾਇਕਾ ਦੀ ਰਾਜਧਾਨੀ 'ਚ ਡਾ. ਅੰਬੇਡਕਰ ਦੇ ਨਾਂ 'ਤੇ ਬਣੀ ਸੜਕ ਦਾ ਕੀਤਾ ਉਦਘਾਟਨ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜਮਾਇਕਾ ਦੀ ਰਾਜਧਾਨੀ ਕਿੰਗਸਟਨ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਨਾਮ ’ਤੇ ਬਣੀ ਇਕ ਸੜਕ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦੇ ਕੰਮਾਂ ਨੂੰ ਉਜਾਗਰ ਕਰਨ ਵਾਲੀ ਇਕ ਯਾਦਗਾਰ ਦਾ ਉਦਘਾਟਨ ਕੀਤਾ ਹੈ।
ਨਿਊਜ਼ੀਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, 9 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਦਰਜ
ਨਿਊਜ਼ੀਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 9,843 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਅੱਠ ਲੋਕਾਂ ਦੀ ਮੌਤ ਹੋਈ ਹੈ। ਸਥਾਨਕ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।