ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਂ, CM ਦੀ ਰਿਹਾਇਸ਼ ਨੇੜਿਓਂ ਮਿਲਿਆ ਬੰਬ, ਪੜ੍ਹੋ Top 10
Monday, Jan 02, 2023 - 08:28 PM (IST)
ਜਲੰਧਰ: ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਇਨਸਾਫ ਨਾਲ ਮਿਲਣ ਤੋਂ ਦੁਖੀ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ ਤਾਂ ਉੱਧਰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ਦੇ ਹੈਲੀਪੈਡ ਨੇੜੇ ਬੰਬ ਮਿਲਣ ਨਾਲ ਸਨਸਨੀ ਫੈਲ ਗਈ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...
ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਂ! ਨਾਲ ਹੀ ਕਰ ’ਤਾ ਵੱਡਾ ਐਲਾਨ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਇਨਸਾਫ਼ ਹਾਲੇ ਤੱਕ ਨਹੀਂ ਮਿਲਿਆ। ਸਿੱਧੂ ਦੇ ਮਾਪੇ ਅਤੇ ਉਸ ਨੂੰ ਚਾਹੁਣ ਵਾਲੇ ਪ੍ਰਸ਼ੰਸਕ ਪੰਜਾਬ ਸਰਕਾਰ ਅਤੇ ਪੁਲਸ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ ਹਨ। ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦੁਖ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਤੇ ਪੁਲਸ ਗੰਭੀਰ ਨਜ਼ਰ ਨਹੀਂ ਆ ਰਹੀ।
ਵੱਡੀ ਖ਼ਬਰ : ਚੰਡੀਗੜ੍ਹ ’ਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਲਿਆ ਬੰਬ
ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ਦੇ ਹੈਲੀਪੈਡ ਨੇੜੇ ਬੰਬ ਮਿਲਣ ਨਾਲ ਸਨਸਨੀ ਫੈਲ ਗਈ। ਇਹ ਬੰਬ ਮੋਹਾਲੀ ਦੇ ਨਯਾ ਗਾਓਂ ਨਾਲ ਲੱਗਦੇ ਚੰਡੀਗੜ੍ਹ ਦੇ ਅੰਬਾਂ ਦੇ ਬਾਗ ਵਿਚ ਸੈਕਟਰ ਦੋ ਵਿਚ ਮਿਲਿਆ ਹੈ। ਜਿੱਥੇ ਇਹ ਬੰਬ ਬਰਾਮਦ ਹੋਇਆ ਹੈ, ਉਥੇ ਨੇੜੇ ਹੀ ਮੁੱਖ ਮੰਤਰੀ ਰਿਹਾਇਸ਼ ਦਾ ਹੈਲੀਪੈਡ ਹੈ। ਬੰਬ ਦੀ ਸੂਚਨਾ ਬਾਗ ਦੇ ਅੰਦਰ ਲੱਗੇ ਟਿਊਬਵੈੱਲ ਆਪਰੇਟਰ ਨੇ ਦਿੱਤੀ।
ਪੰਜਾਬ ਸਰਕਾਰ ਵਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ’ਚ ਛੁੱਟੀਆਂ ਦਾ ਐਲਾਨ
ਪੰਜਾਬ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ 8 ਜਨਵਰੀ 2023 ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਛੋਟੇ ਬੱਚਿਆਂ ਨੂੰ ਕੜਾਕੇ ਦੀ ਠੰਡ ਤੋਂ ਬਚਾਉਣ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਆਂਗਣਵਾੜੀ ਸੈਂਟਰ ਹੁਣ 9 ਜਨਵਰੀ 2023 ਤੋਂ ਖੋਲ੍ਹੇ ਜਾਣਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਧਦੀ ਠੰਡ ਕਾਰਣ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ 2 ਜਨਵਰੀ ਤੱਕ ਛੁੱਟੀਆਂ ਐਲਾਨੀਆਂ ਸਨ ਪਰ ਠੰਡ ਦਾ ਕਹਿਰ ਵਧਣ ਕਾਰਣ ਪੰਜਾਬ ਸਰਕਾਰ ਨੇ ਇਹ ਛੁੱਟੀਆਂ ਵਧਾ ਕੇ 8 ਜਨਵਰੀ ਤਕ ਕਰ ਦਿੱਤੀਆਂ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਪਿਸਤੌਲ ਦਿਖਾ ਕੇ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਧਮਕੀ ਦੇਣ ਵਾਲੇ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਦੇ ਹਲਕਾ ਵਿਭੋਰ ਸਾਹਿਬ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਮੰਤਰੀ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਟੈਂਡਰ ਘਪਲੇ ਨੂੰ ਲੈ ਕੇ ਵੱਡੀ ਖ਼ਬਰ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਨੇ ਕੀਤਾ ਆਤਮ-ਸਮਰਪਣ
ਬਹੁ-ਚਰਚਿਤ ਅਨਾਜ ਮੰਡੀ ਟਰਾਂਸਪੋਰਟੇਸ਼ਨ ਘਪਲੇ 'ਚ ਨਾਮਜ਼ਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਉਰਫ ਇੰਦੀ ਨੇ ਅੱਜ ਵਿਜੀਲੈਂਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਦਾਲਤ ਨੇ 4 ਜਨਵਰੀ ਨੂੰ ਇੰਦੀ ਨੂੰ ਭਗੌੜਾ ਕਰਾਰ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਅੱਜ ਉਸ ਨੇ ਆਤਮ-ਸਮਰਪਣ ਕਰ ਦਿੱਤਾ।
CM ਮਾਨ ਦਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਲੈ ਕੇ ਵੱਡਾ ਬਿਆਨ, 'ਅਜੇ ਤਾਂ ਕਿੱਸੇ ਖੁੱਲ੍ਹਣੇ ਸ਼ੁਰੂ ਹੀ ਹੋਏ, ਹੁਣ ਅੱਗੇ..
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਜੀਲੈਂਸ ਬਿਊਰੋ ’ਤੇ ਉਨ੍ਹਾਂ ਨੂੰ ਤੰਗ ਕਰਨ ਦੇ ਲਾਏ ਗਏ ਦੋਸ਼ਾਂ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਜੇ ਤਾਂ ਚੰਨੀ ਦੇ ਚਾਹ, ਕਚੌਰੀਆਂ ਅਤੇ ਥਾਲੀਆਂ ਦੇ ਛੋਟੇ-ਮੋਟੇ ਰੋਟਾਂ ਨੂੰ ਹੀ ਖੋਲ੍ਹਿਆ ਗਿਆ ਹੈ। ਅਜੇ ਹੋਰ ਵੀ ਵੱਡੇ-ਵੱਡੇ ਰੇਟਾਂ ਨੂੰ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਦੀ ਸਰਕਾਰ ਖੋਲ੍ਹੇਗੀ ਤਾਂ ਜੋ ਸਾਰੀ ਸੱਚਾਈ ਜਨਤਾ ਦੇ ਸਾਹਮਣੇ ਲਿਆਂਦੀ ਜਾ ਸਕੇ।
ਨੋਟਬੰਦੀ ਸਹੀ ਸੀ ਜਾਂ ਗਲਤ? ਸੁਪਰੀਮ ਕੋਰਟ ਨੇ ਸੁਣਾਇਆ ਇਹ ਫ਼ੈਸਲਾ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ 2016 'ਚ 500 ਅਤੇ 1000 ਰੁਪਏ ਵਾਲੇ ਨੋਟਾਂ ਨੂੰ ਬੰਦ ਕਰਨ ਦੇ ਕੇਂਦਰ ਦੇ ਫ਼ੈਸਲੇ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਸਟਿਸ ਐੱਸ. ਏ. ਨਜ਼ੀਰ ਦੀ ਅਗਵਾਈ ਵਾਲੀ 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਕਿਹਾ ਕਿ ਇਸ ਸਬੰਧ 'ਚ ਫ਼ੈਸਲਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਸਰਕਾਰ ਦਰਮਿਆਨ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ।
ਨਵੇਂ ਸਾਲ 'ਤੇ ਚੀਨ ਤੋਂ ਆਈ ਮੰਦਭਾਗੀ ਖ਼ਬਰ, 22 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
ਨਵਾਂ ਸਾਲ ਚੜ੍ਹਦੇ ਹੀ ਚੀਨ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਤਾਮਿਲਨਾਡੂ ਦੇ ਰਹਿਣ ਵਾਲੇ ਅਬਦੁਲ ਸ਼ੇਖ ਦੀ ਮੌਤ ਹੋ ਗਈ। ਉਸਦੀ ਉਮਰ 22 ਸਾਲ ਸੀ। ਮੌਤ ਦਾ ਕਾਰਨ ਕੋਈ ਬਿਮਾਰੀ ਦੱਸਿਆ ਜਾ ਰਿਹਾ ਹੈ, ਹਾਲਾਂਕਿ ਬਿਮਾਰੀ ਬਾਰੇ ਸਪੱਸ਼ਟ ਤੌਰ 'ਤੇ ਨਹੀਂ ਦੱਸਿਆ ਗਿਆ। ਉੱਧਰ ਭਾਰਤ ਵਿਚ ਰਹਿ ਰਹੇ ਪਰਿਵਾਰ ਨੇ ਅਬਦੁਲ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ ਹੈ।
ਪੰਜਾਬ 'ਚ ਵੱਡੀ ਵਾਰਦਾਤ ਦੀ ਫਿਰਾਕ 'ਚ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 6 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ
ਰੂਪਨਗਰ ਪੁਲਸ ਵੱਲੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਕਰਨ ਵਾਲੇ ਅਪਰਾਧੀਆਂ ਵਿਰੁੱਧ ਚਲਾਏ ਗਏ ਇਕ ਵਿਸ਼ੇਸ਼ ਆਪ੍ਰੇਸ਼ਨ ਤਹਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 6 ਮੈਂਬਰ 12 ਮਾਰੂ ਹਥਿਆਰਾਂ ਸਮੇਤ ਕਾਬੂ ਕੀਤੇ ਗਏ। ਪ੍ਰੈੱਸ ਕਾਨਫ਼ਰੰਸ ਰਾਹੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਸ, ਆਈ. ਪੀ. ਐੱਸ., ਵਿਵੇਕ ਐੱਸ. ਸੋਨੀ ਰੂਪਨਗਰ ਨੇ ਦੱਸਿਆ ਕਿ ਰੂਪਨਗਰ ਪੁਲਸ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ ਹੈ ਜਦੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 6 ਮੈਂਬਰਾਂ ਨੂੰ 12 ਮਾਰੂ ਹਥਿਆਰਾਂ ਅਤੇ 50 ਜਿੰਦਾ ਰੌਂਦ ਸਮੇਤ ਕਾਬੂ ਕੀਤਾ ਗਿਆ।
ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ 'ਚ ਪੁਆਏ ਵੈਣ
ਜਿੱਥੇ ਇਕ ਪਾਸੇ ਸੰਸਾਰ ਭਰ ਦੇ ਲੋਕ ਨਵੇਂ ਸਾਲ ਮੌਕੇ ਇਕ-ਦੂਜੇ ਨੂੰ ਮੁਬਾਰਬਾਦ ਦੇ ਰਹੇ ਸਨ ਉੱਥੇ ਹੀ ਦੂਜੇ ਪਾਸੇ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਕਾਲਾ ਬੱਕਰਾ ਨੇੜੇ ਤੇਜ਼ ਰਫ਼ਤਾਰੀ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਲੜਕੀ ਸਣੇ 4 ਵਿਦਿਆਰਥੀਆਂ ਦੀ ਮੌਤ ਅਤੇ ਗੱਡੀ ਦੇ ਡਰਾਈਵਰ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।