ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Saturday, Jul 08, 2023 - 09:42 PM (IST)
ਜਲੰਧਰ : ਪੰਜਾਬ ਸਰਕਾਰ ਨੇ ਸੂਬੇ ਵਿਚ ਸਨਅਤ ਨੂੰ ਉਤਸ਼ਾਹਤ ਕਰਨ ਲਈ ਉਦਯੋਗਪਤੀਆਂ ਤੋਂ ਸੁਝਾਅ ਮੰਗੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲਾਈਵ ਹੋ ਕੇ ਬਕਾਇਦਾ ਇਕ ਵਟਸਐਪ ਨੰਬਰ ਅਤੇ ਈ-ਮੇਲ ਆਈ. ਡੀ. ਜਾਰੀ ਕੀਤੀ ਹੈ, ਜਿਸ ’ਤੇ ਸੁਝਾਅ ਭੇਜੇ ਜਾ ਸਕਦੇ ਹਨ। ਉਥੇ ਹੀ ਹੁਸ਼ਿਆਰਪੁਰ ਦੇ ਚੱਬੇਵਾਲ ਵਿਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁਠਭੇੜ ਵਿਚ ਤਿੰਨ ਬਦਮਾਸਾਂ ਦੇ ਗੋਲ਼ੀਆਂ ਵੀ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਵੱਲੋਂ ਚਲਾਈਆਂ ਗੋਲ਼ੀਆਂ ਨਾਲ 3 ਬਗਦਮਾਸ਼ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ...
ਵਟਸਐਪ ਨੰਬਰ ਤੇ ਈ-ਮੇਲ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗੇ ਸੁਝਾਅ
ਪੰਜਾਬ ਸਰਕਾਰ ਨੇ ਸੂਬੇ ਵਿਚ ਸਨਅਤ ਨੂੰ ਉਤਸ਼ਾਹਤ ਕਰਨ ਲਈ ਉਦਯੋਗਪਤੀਆਂ ਤੋਂ ਸੁਝਾਅ ਮੰਗੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲਾਈਵ ਹੋ ਕੇ ਬਕਾਇਦਾ ਇਕ ਵਟਸਐਪ ਨੰਬਰ ਅਤੇ ਈ-ਮੇਲ ਆਈ. ਡੀ. ਜਾਰੀ ਕੀਤੀ ਹੈ, ਜਿਸ ’ਤੇ ਸੁਝਾਅ ਭੇਜੇ ਜਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸੁਝਾਵਾਂ ਦੇ ਹਿਸਾਬ ਨਾਲ ਹੀ ਪਾਲਿਸੀਆਂ ਬਣਾਈਆਂ ਜਾਣਗੀਆਂ, ਜਿਸ ਨਾਲ ਪੰਜਾਬ ਵਿਚ ਉਦਯੋਗ ਆਵੇਗਾ ਅਤੇ ਸੂਬੇ ਦੇ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲ ਸਕੇਗਾ।
ਹੁਸ਼ਿਆਰਪੁਰ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ, 3 ਬਦਮਾਸ਼ਾਂ ਦੇ ਲੱਗੀਆਂ ਗੋਲ਼ੀਆਂ
ਹੁਸ਼ਿਆਰਪੁਰ ਦੇ ਚੱਬੇਵਾਲ ਵਿਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁਠਭੇੜ ਵਿਚ ਤਿੰਨ ਬਦਮਾਸਾਂ ਦੇ ਗੋਲ਼ੀਆਂ ਵੀ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਵੱਲੋਂ ਚਲਾਈਆਂ ਗੋਲ਼ੀਆਂ ਨਾਲ 3 ਬਗਦਮਾਸ਼ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
ਜਿੰਮ ਤੋਂ ਪਰਤ ਰਹੇ ਚੋਟੀ ਦੇ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਭਿਆਨਕ ਹਾਦਸੇ ’ਚ ਮੌਤ
ਮੋਗਾ ਦੇ ਪਿੰਡ ਰਾਮੂ ਵਾਲਾ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਦੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਗਦੀਪ ਸਿੰਘ ਬੀਤੀ ਰਾਤ ਆਪਣੇ ਚਾਚੇ ਦੇ ਲੜਕੇ ਨਾਲ ਜਿੰਮ ਤੋਂ ਵਾਪਸ ਆ ਰਿਹਾ ਸੀ।
ਵੱਡੀ ਖ਼ਬਰ: ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲੇ ਸ਼ੂਟਰ ਦੇ ਭਰਾ ਦਾ Encounter
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਯਵਰਤ ਦਾ ਛੋਟਾ ਭਰਾ ਰਾਕੇਸ਼ ਪੁਲਸ ਮੁਕਾਬਲੇ 'ਚ ਢੇਰ ਹੋ ਗਿਆ, ਜਦੋਂ ਕਿ ਇਕ ਹੋਰ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਗੱਡੀ 'ਚ ਤਿੰਨ ਵਿਅਕਤੀ ਸਵਾਰ ਦੱਸੇ ਜਾ ਰਹੇ ਸਨ। ਮ੍ਰਿਤਕ ਦਾ ਭਰਾ ਪ੍ਰਿਯਵਰਤ ਉਰਫ਼ ਫ਼ੌਜੀ ਰੰਗਦਾਰੀ ਦੇ ਮਾਮਲੇ 'ਚ ਦੋਸ਼ੀ ਹੈ।
ਬੱਸ ਅਤੇ ਕਰੂਜਰ ਦੀ ਆਹਮੋ-ਸਾਹਮਣੀ ਭਿਆਨਕ ਟੱਕਰ, 8 ਲੋਕਾਂ ਦੀ ਦਰਦਨਾਕ ਮੌਤ
ਹਰਿਆਣਾ ਦੇ ਜੀਂਦ 'ਚ ਭਿਵਾਨੀ ਰੋਡ 'ਤੇ ਅੱਜ ਯਾਨੀ ਸ਼ਨੀਵਾਰ ਸਵੇਰੇ ਬੱਸ ਅਤੇ ਕਰੂਜਰ 'ਚ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ, ਜਦੋਂ ਕਿ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਹੀ ਚਾਵਾਂ ਨਾਲ ਮਨਾਇਆ ਸੀ ਜਨਮਦਿਨ
ਵਿਦੇਸ਼ਾਂ ਵਿਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਦੇ ਗੋਰਾਇਆ ਦੇ ਰਹਿਣ ਵਾਲੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।
ਤਾਲਾਬ 'ਚ ਨਹਾਉਣ ਗਏ ਬੱਚਿਆਂ ਨਾਲ ਵਾਪਰ ਗਿਆ ਭਾਣਾ, 5 ਬੱਚਿਆਂ ਦੀ ਹੋਈ ਦਰਦਨਾਕ ਮੌਤ
ਉੱਤਰ ਪ੍ਰਦੇਸ਼ 'ਚ ਰਾਏਬਰੇਲੀ ਜ਼ਿਲ੍ਹੇ ਦੇ ਗਦਾਗੰਜ ਇਲਾਕੇ 'ਚ ਸ਼ਨੀਵਾਰ ਸਵੇਰੇ 5 ਬੱਚਿਆਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਸੁਪਰਡੈਂਟ ਆਲੋਕ ਪ੍ਰਿਯਦਰਸ਼ੀ ਨੇ ਦੱਸਿਆ ਕਿ ਬਾਂਸੀ ਰਿਹਾਇਕ ਪਿੰਡ ਵਾਸੀ 8 ਬੱਚੇ ਤਾਲਾਬ 'ਚ ਨਹਾਉਣ ਗਏ ਸਨ। ਤਾਲਾਬ ਡੂੰਘਾ ਅਤੇ ਉਸ ਦੀ ਮਿੱਟੀ ਦਲਦਲੀ ਹੋਣ ਕਾਰਨ ਸਾਰੇ ਬੱਚੇ ਡੁੱਬਣ ਲੱਗੇ। ਬੱਚਿਆਂ ਦੀ ਚੀਕ ਸੁਣ ਕੇ ਪਿੰਡ ਵਾਲੇ ਦੌੜ ਪਏ। ਕਿਸੇ ਤਰ੍ਹਾਂ ਤਿੰਨ ਬੱਚਿਆਂ ਨੂੰ ਬਚਾ ਲਿਆ ਗਿਆ ਪਰ 5 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ।
ਪੱਛਮੀ ਬੰਗਾਲ 'ਚ ਪੰਚਾਇਤ ਚੋਣਾਂ ਸੰਬੰਧੀ ਹਿੰਸਾ 'ਚ 12 ਲੋਕਾਂ ਦੀ ਮੌਤ
ਪੱਛਮੀ ਬੰਗਾਲ 'ਚ ਤਿੰਨ ਪੱਧਰੀ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਸ਼ਨੀਵਾਰ ਨੂੰ ਹੋਈ ਹਿੰਸਾ 'ਚ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਧਿਰ ਦੋਹਾਂ ਦੇ ਪ੍ਰਤੀ ਵਫ਼ਾਦਾਰੀ ਰੱਖਣ ਵਾਲੇ 12 ਲੋਕਾਂ ਦੀ ਮੌਤ ਹੋ ਗਈ।