ਤੇਜ਼ ਰਫਤਾਰ ਟਰੱਕ ਚਾਲਕ ਨੇ ਟਰਾਂਸਫਾਰਮਰ ਤੇ ਨਗਰ ਕੌਂਸਲ ਦਾ ਬੋਰਡ ਤੋੜਿਆ
Tuesday, Jun 13, 2017 - 04:49 PM (IST)
ਧਾਰੀਵਾਲ — ਸੋਮਵਾਰ ਬਟਾਲਾ ਤੋਂ ਧਾਰੀਵਾਲ ਵੱਲ ਜਾ ਰਹੇ ਇਕ ਟਿੱਪਰ ਦਾ ਸੰਤੁਲਨ ਵਿਗੜ ਜਾਣ ਕਾਰਨ ਤੇਜ਼ ਰਫਤਾਰ ਟਿੱਪਰ ਨੇ ਜਿਥੇ ਬਿਜਲੀ ਦਾ ਟਰਾਂਸਫਾਰਮਰ ਤੋੜਿਆ, ਉਥੇ ਨਾਲ ਹੀ ਨਗਰ ਕੌਂਸਲ ਵੱਲੋਂ ਲਾਇਆ ਬੋਰਡ ਵੀ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਰੱਕ, ਜੋ ਬਟਾਲਾ ਤੋਂ ਧਾਰੀਵਾਲ ਜਾ ਰਿਹਾ ਸੀ ਅਤੇ ਜਦੋਂ ਸ਼ਾਹ ਪੈਟਰੋਲ ਪੰਪ ਨਜ਼ਦੀਕ ਕੇ. ਜੇ. ਹਸਪਤਾਲ ਕੋਲ ਪਹੁੰਚਿਆ ਤਾਂ ਸੜਕ ਕਿਨਾਰੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਵਿਚ ਜਾ ਵੱਜਾ, ਜਿਸ ਤੋਂ ਬਾਅਦ ਇਹ ਟਰੱਕ ਨਗਰ ਕੌਂਸਲ ਧਾਰੀਵਾਲ ਵੱਲੋਂ ਜੀ. ਟੀ. ਰੋਡ 'ਤੇ ਲਾਏ ਵੱਡੇ ਬੋਰਡ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰਾਂਸਫਾਰਮਰ, ਬਿਜਲੀ ਦੀਆਂ ਤਾਰਾਂ ਅਤੇ ਬੋਰਡ ਦਾ ਭਾਰੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਉਕਤ ਟਰੱਕ ਚਾਲਕ ਵਿਰੁੱਧ ਨਗਰ ਕੌਂਸਲ ਧਾਰੀਵਾਲ ਅਤੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਦਰਖਾਸਤ ਦੇ ਕੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।
