ਪ੍ਰਦੂਸ਼ਣ ਬੋਰਡ ਦੀ ਮਿਲੀਭੁਗਤ: ਡਾਈਂਗ ਯੂਨਿਟਾਂ ਵਲੋਂ ਨਿਯਮਾਂ ਵਿਰੁੱਧ ਸੀਵਰੇਜ ’ਚ ਸੁੱਟਿਆ ਜਾ ਰਿਹੈ ਜ਼ਹਿਰੀਲਾ ਪਾਣੀ
Monday, Apr 06, 2026 - 08:26 AM (IST)
ਲੁਧਿਆਣਾ (ਰਾਮ) : ਸ਼ਹਿਰ ਦੇ ਇੰਡਸਟਰੀ ਏਰੀਆ ਵਿਚ ਚੱਲ ਰਹੀਆਂ ਡਾਈਂਗ ਯੂਨਿਟਾਂ ਇਕ ਵਾਰ ਫਿਰ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਆ ਗਈਆਂ ਹਨ। ਦੋਸ਼ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਯੂਨਿਟਾਂ ਵਾਤਾਵਰਣ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰ ਰਹੀਆਂ ਹਨ। ਸਥਿਤੀ ਇੰਨੀ ਗੰਭੀਰ ਦੱਸੀ ਜਾ ਰਹੀ ਹੈ ਕਿ ਜਿੱਥੇ ਕਾਗਜ਼ਾਂ ਵਿੱਚ 18-19 ਯੂਨਿਟਾਂ ਆਪਣਾ ਡਿਸਚਾਰਜ 10 ਐੱਮ.ਐੱਲ.ਡੀ. (ਮਿਲੀਅਨ ਲੀਟਰ ਪ੍ਰਤੀ ਦਿਨ) ਦਿਖਾਉਂਦੀਆਂ ਹਨ, ਉੱਥੇ ਹੀ ਅਸਲੀਅਤ ਵਿਚ ਇਹ ਅੰਕੜਾ 20 ਤੋਂ 25 ਐੱਮ.ਐੱਲ.ਡੀ. ਤੱਕ ਪਹੁੰਚ ਰਿਹਾ ਹੈ। ਸੂਤਰਾਂ ਅਨੁਸਾਰ ਯੂਨਿਟਾਂ ਨੇ ਫੈਕਟਰੀਆਂ ਦੇ ਅੰਦਰ ਗੁਪਤ ਬਾਈਪਾਸ ਲਾਈਨਾਂ ਵਿਛਾ ਰੱਖੀਆਂ ਹਨ, ਜਿਨ੍ਹਾਂ ਰਾਹੀਂ ਜ਼ਹਿਰੀਲਾ ਪਾਣੀ ਬਿਨਾਂ ਟ੍ਰੀਟ ਕੀਤੇ ਸੀਵਰੇਜ ਵਿੱਚ ਸੁੱਟਿਆ ਜਾਂਦਾ ਹੈ। ਇਹ ਬੁੱਢੇ ਨਾਲੇ ਅਤੇ ਜ਼ਮੀਨੀ ਪਾਣੀ ਨੂੰ ਪਲੀਤ ਕਰ ਰਿਹਾ ਹੈ।
ਨਿਰੀਖਣ ਪ੍ਰਕਿਰਿਆ ਸਿਰਫ਼ ਖ਼ਾਨਾਪੂਰਤੀ
ਨਿਯਮਾਂ ਅਨੁਸਾਰ ਬੋਰਡ ਦੇ ਅਧਿਕਾਰੀਆਂ ਨੇ ਸਾਲ ਵਿੱਚ ਨਿਰੀਖਣ ਕਰਨਾ ਹੁੰਦਾ ਹੈ ਪਰ ਦੋਸ਼ ਹੈ ਕਿ ਇਹ ਪਾਰਦਰਸ਼ੀ ਨਹੀਂ ਹੈ। ਸੂਤਰ ਦੱਸਦੇ ਹਨ ਕਿ ਨਿਰੀਖਣ ਤੋਂ ਪਹਿਲਾਂ ਹੀ ਯੂਨਿਟ ਮਾਲਕਾਂ ਨੂੰ ਫ਼ੋਨ ''ਤੇ ਸੂਚਨਾ ਦੇ ਦਿੱਤੀ ਜਾਂਦੀ ਹੈ। ਫੈਕਟਰੀ ਪ੍ਰਬੰਧਕ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲੈਂਦੇ ਹਨ ਤੇ ਅਧਿਕਾਰੀ ਸਿਰਫ਼ ਰਸਮੀ ਜਾਂਚ ਕਰਕੇ ਚਲੇ ਜਾਂਦੇ ਹਨ।
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਮੌਤ ਦਾ ਤਾਂਡਵ: ਖ਼ਸਰੇ ਕਾਰਨ 19 ਦਿਨਾਂ 'ਚ 94 ਮਾਸੂਮ ਬੱਚਿਆਂ ਦੀ ਮੌਤ
ਚੀਫ਼ ਇੰਜੀਨੀਅਰ ਦੀ ਸਖ਼ਤੀ ਪਰ ਜ਼ਮੀਨੀ ਹਕੀਕਤ ਵੱਖਰੀ
ਹਾਲਾਂਕਿ ਪੀ.ਪੀ.ਸੀ.ਬੀ. ਦੇ ਚੀਫ਼ ਇੰਜੀਨੀਅਰ ਵੱਲੋਂ ਸਖ਼ਤੀ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਜ਼ਮੀਨੀ ਪੱਧਰ ''ਤੇ ਅਧਿਕਾਰੀਆਂ ਤੇ ਯੂਨਿਟ ਮਾਲਕਾਂ ਦੀ ਸਾਂਠ-ਗਾਂਠ ਪਹਿਲਾਂ ਨਾਲੋਂ ਵੱਧ ਸਰਗਰਮ ਹੈ। ਸਵਾਲ ਉੱਠ ਰਿਹਾ ਹੈ ਕਿ ਚੀਫ਼ ਇੰਜੀਨੀਅਰ ਇਸ ਸਥਿਤੀ ਤੋਂ ਅਣਜਾਣ ਹਨ ਜਾਂ ਫਿਰ ਜਾਣਬੁੱਝ ਕੇ ਕਾਰਵਾਈ ਨਹੀਂ ਕੀਤੀ ਜਾ ਰਹੀ।
ਵਾਤਾਵਰਣ ਅਤੇ ਸਿਹਤ ’ਤੇ ਖ਼ਤਰਾ
ਮਾਹਿਰਾਂ ਅਨੁਸਾਰ ਬਿਨਾਂ ਟ੍ਰੀਟ ਕੀਤੇ ਕੈਮੀਕਲ ਯੁਕਤ ਪਾਣੀ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਵਿੱਚ ਚਮੜੀ, ਸਾਹ ਤੇ ਹੋਰ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ।
ਪੀ.ਪੀ.ਸੀ.ਬੀ..ਅਧਿਕਾਰੀ ’ਤੇ ਜਲਦ ਹੋ ਸਕਦੀ ਵੱਡੀ ਕਾਰਵਾਈ!
ਸੂਤਰਾਂ ਮੁਤਾਬਕ ਵਿਭਾਗ ਦੇ ਅੰਦਰ ਹਲਚਲ ਤੇਜ਼ ਹੋ ਗਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਲਦ ਹੀ ਕਿਸੇ ਵੱਡੇ ਅਧਿਕਾਰੀ ''ਤੇ ਗਾਜ ਡਿੱਗ ਸਕਦੀ ਹੈ। ਉੱਚ ਪੱਧਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਜੇਕਰ ਦੋਸ਼ ਸਹੀ ਪਾਏ ਗਏ ਤਾਂ ਅਧਿਕਾਰੀਆਂ ਦੇ ਨਾਲ-ਨਾਲ ਨਿਯਮ ਤੋੜਨ ਵਾਲੀਆਂ ਯੂਨਿਟਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ ਤੇ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
