ਭਾਰੀ ਬਾਰਸ਼ ਤੇ ਤੇਜ਼ ਹਨ੍ਹੇਰੀ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ
Wednesday, Apr 01, 2026 - 10:59 AM (IST)
ਤਲਵੰਡੀ ਭਾਈ (ਬੇਦੀ) : ਇਲਾਕੇ ਅੰਦਰ ਬੀਤੇ ਦਿਨ ਹੋਈ ਭਾਰੀ ਬਾਰਸ਼, ਕਿਤੇ-ਕਿਤੇ ਹੋਈ ਗੜ੍ਹੇਮਾਰੀ ਅਤੇ ਚੱਲੀਆਂ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਦਾ ਬੁਰੀ ਤਰ੍ਹਾਂ ਨੁਕਸਾਨ ਕਰ ਦਿੱਤਾ। ਇਸ ਕਾਰਨ ਕਣਕ ਦੀ ਫ਼ਸਲ ਤੋਂ ਭਾਰੀ ਉਮੀਦਾਂ ਲਾਈ ਬੈਠੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ। ਜ਼ਿਕਰਯੋਗ ਹੈ ਕਿ ਇਲਾਕੇ ਅੰਦਰ ਹੋਈ ਬਾਰਸ਼ ਅਤੇ ਤੇਜ਼ ਹਨ੍ਹੇਰੀ ਕਾਰਨ ਖੇਤਾਂ ’ਚ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫ਼ਸਲ ਜ਼ਮੀਨ ’ਤੇ ਵਿੱਛ ਗਈ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ।
ਦੱਸਣਯੋਗ ਹੈ ਕਿ ਜਿੱਥੇ ਆਲੂ ਕਾਸ਼ਤਕਾਰ ਕਿਸਾਨਾਂ ਦਾ ਸੀਜ਼ਨ ਇਸ ਵਾਰ ਮੰਦਾ ਰਿਹਾ ਹੈ ਅਤੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਤੋਂ ਕੁੱਝ ਜ਼ਰੂਰੀ ਉਮੀਦਾਂ ਸਨ ਪਰ ਕਈ ਦਿਨ ਤੋਂ ਮੌਸਮ ਖ਼ਰਾਬ ਚੱਲ ਰਿਹਾ ਸੀ ਅਤੇ ਇਲਾਕੇ ਅੰਦਰ ਹੋਈ ਭਾਰੀ ਬਾਰਸ਼ ਅਤੇ ਚੱਲੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਰੇ ਸੁਫ਼ਨਿਆਂ ਨੂੰ ਤੋੜ ਦਿੱਤਾ। ਇਸ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਪੱਕੀ ਹੋਈ ਕਣਕ ਦੀ ਫ਼ਸਲ ਖੇਤਾਂ ’ਚ ਵਿੱਛ ਗਈ ਤੇ ਖੇਤਾਂ ’ਚ ਪਾਣੀ ਖੜ੍ਹ ਗਿਆ, ਜਦ ਕਿ ਕਿਸਾਨਾਂ ਵੱਲੋਂ ਸਰਕਾਰ ਪਾਸੋਂ ਜਲਦ ਤੋਂ ਜਲਦ ਨੁਕਸਾਨ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰ ਕੇ ਫ਼ਸਲਾਂ ਦਾ ਉੱਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
