ਤਿਹਾੜ ਜੇਲ੍ਹ ''ਚੋਂ ਰਿਹਾਅ ਹੋ ਕੇ ਸਿੱਧਾ ਸਿੰਘੂ ਬਾਰਡਰ ਧਰਨੇ ''ਚ ਪੁੱਜਿਆ ਕਿਸਾਨ, ਜਥੇਬੰਦੀਆਂ ਨੇ ਕੀਤਾ ਸਨਮਾਨ
Tuesday, Mar 02, 2021 - 05:47 PM (IST)
ਬਨੂੜ (ਗੁਰਪਾਲ)- 28 ਜਨਵਰੀ ਨੂੰ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਰਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਲੱਖੇ ਮਾਜਰਾ ਦੇ ਤਿਹਾੜ ਜੇਲ੍ਹ 'ਚੋਂ ਰਿਹਾਈ ਹੋਣ ਮਗਰੋਂ ਕਿਸਾਨ ਜਥੇਬੰਦੀਆਂ ਨੇ ਸਿੰਘੂ ਬਾਰਡਰ 'ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਪੰਚ ਕੁਲਵੰਤ ਸਿੰਘ ਬਰਿਆਲੀ, ਗੁਰਜੰਟ ਸਿੰਘ ਬੜੀ ਤੇ ਖਜਾਨ ਸਿੰਘ ਫੂਲਕਾ ਨੇ ਦੱਸਿਆ ਕਿ ਹਰਵਿੰਦਰ ਸਿੰਘ 28 ਜਨਵਰੀ ਨੂੰ ਸਿੰਘੂ ਬਾਰਡਰ 'ਤੇ ਲਗਾਏ ਗਏ ਲੰਗਰ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਾਮਾਨ ਲੈਣ ਗਿਆ ਤਾਂ ਨਰੇਲਾ ਇਲਾਕੇ ਅਧੀਨ ਪੈਂਦੇ ਅਲੀਪੁਰ ਥਾਣੇ ਦੀ ਪੁਲਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਦੀ ਰਿਹਾਈ ਲਈ ਕਿਸਾਨਾਂ ਨੇ ਅਲੀਪੁਰ ਥਾਣੇ ਅੱਗੇ ਧਰਨਾ ਲਾਇਆ ਸੀ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਬਿਕਰਮ ਮਜੀਠੀਆ ਅਤੇ ਹਰਮਿੰਦਰ ਗਿੱਲ ਵਿਚਾਲੇ ਖੜਕੀ
ਕਿਸਾਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਦਿੱਲੀ ਪੁਲਸ ਨੇ ਉਸ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਤਿਹਾੜ ਜੇਲ੍ਹ ਵਿਖੇ ਭੇਜ ਦਿੱਤਾ ਸੀ। ਹਰਵਿੰਦਰ ਸਿੰਘ ਦੀ ਇਕ ਮਹੀਨੇ ਬਾਅਦ ਮਾਣਯੋਗ ਅਦਾਲਤ ਨੇ ਜ਼ਮਾਨਤ ਮਨਜ਼ੂਰ ਕੀਤੀ ਅਤੇ ਅੱਜ ਤਿਹਾੜ ਜੇਲ੍ਹ ਵਿਚੋਂ ਰਿਹਾਅ ਹੋਣ ਉਪਰੰਤ ਸਿੱਧਾ ਸਿੰਘੂ ਬਾਰਡਰ 'ਤੇ ਪਹੁੰਚਿਆ ਜਿਥੇ ਕਿਸਾਨ ਜਥੇਬੰਦੀਆਂ ਨੇ ਹਰਵਿੰਦਰ ਸਿੰਘ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ। ਕਿਸਾਨਾਂ ਨੇ ਦੱਸਿਆ ਕਿ ਸੰਘਰਸਸ਼ੀਲ ਕਿਸਾਨਾਂ ਲਈ ਬਨੂੜ ਇਲਾਕੇ ਦੇ ਵਸਨੀਕਾਂ ਵੱਲੋਂ ਲੰਗਰ ਲਗਾਇਆ ਹੋਇਆ ਹੈ ਤੇ ਉਕਤ ਕਿਸਾਨ ਇੱਥੇ 28ਨਵੰਬਰ ਤੋਂ ਸੇਵਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਦੀਪ ਸਿੱਧੂ ਦੇ ਮੁੱਦੇ ’ਤੇ ਮਜੀਠੀਆ ਅਤੇ ਸਿਰਸਾ ਆਹਮੋ-ਸਾਹਮਣੇ
ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਦਿੱਲੀ ਦੇ ਵੱਖ-ਵੱਖ ਬਾਰਡਰ ’ਤੇ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਇਸ ਮੌਕੇ ਸੁਖਵਿੰਦਰ ਬੱਲਾ ਕੁਰੜੀ, ਅਵਤਾਰ ਰਾਏਪੁਰ, ਇਕਬਾਲ ਕੁਰੜੀ, ਲਾਲਾ ਬੜੀ, ਛਿੰਦਾ ਕੁਰੜੀ ਤੋਂ ਇਲਾਵਾ ਹੋਰ ਸੈਂਕੜੇ ਦੇ ਕਰੀਬ ਕਿਸਾਨਾਂ ਨੇ ਤਿਹਾੜ ਜੇਲ੍ਹ 'ਚੋਂ ਰਿਹਾਅ ਹੋ ਕੇ ਆਏ ਕਿਸਾਨ ਹਰਵਿੰਦਰ ਸਿੰਘ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ।