ਤਿੰਨ ਅਣਪਛਾਤੇ ਨੌਜਵਾਨ ਹਾਈਵੇ ਤੋਂ ਕਾਰ ਖੋਹ ਕੇ ਹੋਏ ਫ਼ਰਾਰ
Thursday, Jun 03, 2021 - 10:05 PM (IST)
![ਤਿੰਨ ਅਣਪਛਾਤੇ ਨੌਜਵਾਨ ਹਾਈਵੇ ਤੋਂ ਕਾਰ ਖੋਹ ਕੇ ਹੋਏ ਫ਼ਰਾਰ](https://static.jagbani.com/multimedia/2021_6image_22_05_129854561gg.jpg)
ਦੋਰਾਹਾ, (ਵਿਨਾਇਕ)- ਦਿੱਲੀ ਲੁਧਿਆਣਾ ਹਾਈਵੇ ’ਤੇ ਪੈਂਦੇ ਗੁਰਦੁਆਰਾ ਸ੍ਰੀ ਅਤਰਸਰ ਸਾਹਿਬ ਨੇੜਿਓਂ ਦੇਰ ਰਾਤ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਅੰਮ੍ਰਿਤਸਰ ਸਾਹਿਬ ਤੋਂ ਜੀਰਕਪੁਰ ਵਾਪਸ ਆ ਰਹੇ ਦੋ ਨੌਜਵਾਨਾਂ ਪਾਸੋਂ ਹਥਿਆਰਾਂ ਦੀ ਨੋਕ ’ਤੇ ਰੇਨੋਲਟ ਕਵਿਡ ਕਾਰ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾ ਸਬੰਧੀ ਦੋਰਾਹਾ ਪੁਲਸ ਨੂੰ ਜਾਣਕਾਰੀ ਦਿੰਦਿਆਂ ਵਰਿੰਦਰ ਸੂਦ ਪੁੱਤਰ ਭਵਰ ਸਿੰਘ ਵਾਸੀ ਮਕਾਨ ਨੰਬਰ 163-ਏ ਸ਼ਿਵਾਲਿਕ ਬਿਹਾਰ, ਪਟਿਆਲਾ ਰੋਡ, ਜੀਰਕਪੁਰ, ਜ਼ਿਲਾ ਮੋਹਾਲੀ ਨੇ ਦੱਸਿਆ ਕਿ 1 ਫਰਵਰੀ ਦੀ ਰਾਤ ਨੂੰ ਉਹ ਆਪਣੇ ਸਾਥੀ ਨਰਿੰਦਰ ਕੁਮਾਰ ਨਾਲ ਆਪਣੀ ਰੇਨੋਲਟ ਕਵਿਡ ਕਾਰ ’ਤੇ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਜੀਰਕਪੁਰ ਆ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਰਾਤ ਕਰੀਬ 11 ਵਜੇ ਗੁਰਦੁਆਰਾ ਸ੍ਰੀ ਅਤਰਸਰ ਸਾਹਿਬ ਨੇੜੇ ਦੋਰਾਹਾ ਸਾਈਡ ਪੁੱਜੇ ਤਾਂ ਉਸਦਾ ਸਾਥੀ ਨਰਿੰਦਰ ਸਿੰਘ ਪਿਸ਼ਾਬ ਕਰਨ ਲਈ ਕਾਰ ਤੋਂ ਹੇਠਾਂ ਉਤਰ ਗਿਆ। ਇਸ ਸਮੇਂ ਦੌਰਾਨ ਇਕ ਮੋਟਰਸਾਈਕਲ ਤੋਂ ਤਿੰਨ ਅਣਪਛਾਤੇ ਨੌਜਵਾਨ ਉੱਤਰ ਕੇ ਮੇਰੇ ਕੋਲ ਆ ਗਏ, ਜਿਨ੍ਹਾਂ ਮੈਨੂੰ ਹਥਿਆਰ ਨਾਲ ਡਰਾ-ਧਮਕਾ ਕੇ ਮੇਰੇ ਕੋਲੋਂ ਕਾਰ ਖੋਹ ਕੇ ਆਪਣੇ ਮੋਟਰਸਾਈਕਲ ਸਮੇਤ ਫਰਾਰ ਹੋ ਗਏ।
ਪੁਲਸ ਜਾਂਚ ਅਧਿਕਾਰੀ ਐੱਸ. ਆਈ. ਚਰਨਜੀਤ ਸਿੰਘ ਨੇ ਕਿਹਾ ਕਿ ਪੁਲਸ ਵੱਡੀ ਪੱਧਰ ’ਤੇ ਅਣਪਛਾਤੇ ਨੌਜਵਾਨ ਦੀ ਭਾਲ ਕਰ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ।
ਕੀ ਕਹਿੰੰਦੇ ਹਨ ਐੱਸ.ਐੱਚ. ਓ.
ਇਸ ਸਬੰਧੀ ਜਦੋਂ ਦੋਰਾਹਾ ਥਾਣਾ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਵਿਜੈ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਲੁਟੇਰਿਆਂ ਦੀ ਸ਼ਨਾਖਤ ਲਈ ਹਾਈਵੇ ਸਮੇਤ ਨਾਕਿਆਂ ਦੇ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ, ਤਾਂ ਜੋ ਦੋਸ਼ੀਆਂ ਬਾਰੇ ਸਹੀ ਜਾਣਕਾਰੀ ਮਿਲ ਸਕੇ।