ਬਿਨਾਂ ਲਾਇਸੈਂਸ ਨਸ਼ੇ ਦੀਆਂ ਦਵਾਈਆਂ ਰੱਖਣ ਦੇ ਦੋਸ਼ ''ਚ ਤਿੰਨ ਨੂੰ 3-3 ਸਾਲ ਦੀ ਸਜ਼ਾ

01/10/2018 7:40:47 AM

ਪਟਿਆਲਾ, (ਪ. ਪ.)- ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਕਰ ਕੇ ਬਿਨਾਂ ਲਾਇਸੈਂਸ ਅਤੇ ਨਸ਼ੇ ਦੇ ਤੌਰ 'ਤੇ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਰੱਖਣ 'ਤੇ ਅਦਾਲਤ ਵੱਲੋਂ 3 ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ ਅਤੇ ਇਕ-ਇਕ ਲੱਖ ਰੁਪਏੇ ਜੁਰਮਾਨਾ ਕੀਤਾ ਗਿਆ ਹੈ। 
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਤਕਰੀਬਨ 5-6 ਸਾਲ ਪਹਿਲਾਂ ਇਸ ਵਿਭਾਗ ਦੇ ਡਰੱਗ ਇੰਸਪੈਕਟਰਾਂ ਵੱਲੋਂ ਡਰੱਗ ਐਂਡ ਕਾਸਮੈਟਿਕ ਅਧੀਨ ਜ਼ਿਲੇ ਦੀਆਂ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਡਰੱਗ ਇੰਸਪੈਕਟਰਾਂ ਵੱਲੋਂ ਇਹ ਦੇਖਿਆ ਗਿਆ ਕਿ ਹਰਭਜਨ ਸਿੰਘ, ਚਮਨ ਲਾਲ ਅਤੇ ਜਤਿੰਦਰ ਸਿੰਘ ਦਵਾਈ ਵਿਕਰੇਤਾ ਵੱਲੋਂ ਬਿਨਾਂ ਲਾਇਸੈਂਸ ਬਣਾਏ ਗੋਦਾਮਾਂ ਵਿਚ ਨਸ਼ੇ ਵਜੋਂ ਵਰਤੋਂ 'ਚ ਆਉਣ ਵਾਲੀਆਂ ਦਵਾਈਆਂ ਰੱਖੀਆਂ ਹੋਈਆਂ ਸਨ। ਇਨ੍ਹਾਂ ਵਿਅਕਤੀਆਂ ਕੋਲ ਦਵਾਈਆਂ ਦੀ ਖਰੀਦ ਸਬੰਧੀ ਬਿੱਲ ਨਹੀਂ ਸਨ।
ਅਜਿਹੀਆਂ ਊਣਤਾਈਆਂ ਕਰ ਕੇ ਇਹ ਵਿਅਕਤੀ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲਘੰਣਾ ਕਰ ਰਹੇ ਸਨ। ਇਸ ਸਬੰਧੀ ਕੇਸ ਦਾਇਰ ਕੀਤਾ ਗਿਆ ਸੀ। ਇਨ੍ਹਾਂ ਕੇਸਾਂ ਦੀ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਪੈਰਵੀ ਕੀਤੀ ਗਈ। ਇਸ ਤਰ੍ਹਾਂ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਉਕਤ ਵਿਅਕਤੀਆਂ ਨੂੰ ਬਿਨਾਂ ਲਾਇਸੈਂਸ ਗੋਦਾਮ ਵਿਚ ਦਵਾਈਆਂ ਸਟੋਰ ਕਰਨ ਅਤੇ ਬਿਨਾਂ ਬਿੱਲਾਂ ਤੋਂ ਦਵਾਈਆਂ ਦੀ ਖਰੀਦ ਤੇ ਐਕਟ ਦੀ ਉਲੰਘਣਾ ਕਰਨ 'ਤੇ 3-3 ਸਾਲ ਦੀ ਸਜ਼ਾ ਅਤੇ 1-1 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। 


Related News