ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ  ਤਿੰਨ-ਤਿੰਨ ਸਾਲ ਦੀ ਕੈਦ

Monday, Jan 15, 2018 - 07:20 AM (IST)

ਮਾਨਸਾ, (ਜੱਸਲ)- ਲੜਕੀਆਂ ਨਾਲ ਛੇੜ–ਛਾੜ ਕਰਨ ਤੋਂ ਰੋਕਣ 'ਤੇ ਇਕ ਨੌਜਵਾਨ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਇਕ ਵਿਅਕਤੀ ਦੀ ਕੁੱਟਮਾਰ ਦੇ ਮਾਮਲੇ ਸਬੰਧੀ ਸੁਣਵਾਈ ਕਰਦਿਆਂ ਜ਼ਿਲਾ ਮਾਨਸਾ ਦੀ ਇਕ ਅਦਾਲਤ ਨੇ ਉਕਤ ਨੌਜਵਾਨ ਸਮੇਤ ਤਿੰਨ ਵਿਅਕਤੀਆਂ ਨੂੰ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ। ਜਾਣਕਾਰੀ ਅਨੁਸਾਰ 31 ਜੁਲਾਈ 2012 ਨੂੰ ਸੁਖਜਿੰਦਰ ਸਿੰਘ ਵਾਸੀ ਗੁੜੱਦੀ ਸਕੂਲ ਜਾਂਦੀਆਂ ਲੜਕੀਆਂ ਨਾਲ ਛੇੜ–ਛਾੜ ਕਰ ਰਿਹਾ ਸੀ ਕਿ ਗੁਰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵੱਲੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ, ਜਿਸ ਕਾਰਨ ਸੁਖਜਿੰਦਰ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਸਬੰਧੀ ਥਾਣਾ ਸਦਰ ਬੁਢਲਾਡਾ ਦੀ ਪੁਲਸ ਨੇ 2 ਅਗਸਤ 2012 ਨੂੰ ਪੀੜਤ ਦੀ ਸ਼ਿਕਾਇਤ 'ਤੇ ਸੁਖਜਿੰਦਰ ਸਿੰਘ, ਸੁਖਪਾਲ ਸਿੰਘ, ਜਸਪਾਲ ਸਿੰਘ ਵਾਸੀ ਗੁੜੱਦੀ, ਜਗਜੀਤ ਸਿੰਘ ਵਾਸੀ ਦੁਗ ਬਹਾਦਰਪੁਰ, ਸੁਖਚੈਨ ਸਿੰਘ ਵਾਸੀ ਪਿੰਡ ਗੁਜਰਾ, ਜ਼ਿਲਾ ਸੰਗਰੂਰ, ਗੁਰਦਰਸ਼ਨ ਸਿੰਘ ਵਾਸੀ ਪਿੰਡ ਡਿੱਖ, ਜ਼ਿਲਾ ਬਠਿੰਡਾ ਅਤੇ ਜਗਤਾਰ ਸਿੰਘ ਵਾਸੀ ਸ਼ੇਰੋਂ, ਜ਼ਿਲਾ ਸੰਗਰੂਰ ਦੇ ਖਿਲਾਫ਼ ਧਾਰਾ 452, 450, 326, 325, 324, 323, 148, 149 ਦੇ ਤਹਿਤ ਮਾਮਲਾ ਨੰ. 39 ਦਰਜ ਕਰ ਕੇ ਸੁਣਵਾਈ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਜਗਦੀਪ ਸੂਦ ਦੀ ਅਦਾਲਤ ਵੱਲੋਂ ਸੁਖਜਿੰਦਰ ਸਿੰਘ, ਸੁਖਪਾਲ ਸਿੰਘ ਅਤੇ ਜਸਪਾਲ ਸਿੰਘ ਵਾਸੀਆਨ ਗੁੜੱਦੀ ਨੂੰ ਤਿੰਨ–ਤਿੰਨ ਸਾਲ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਹੈ, ਜਦਕਿ ਬਾਕੀ ਵਿਅਕਤੀਆਂ ਨੂੰ ਬਾ–ਇੱਜ਼ਤ ਬਰੀ ਕਰ ਦਿੱਤਾ ਗਿਆ।


Related News