ਅੱਧੀ ਰਾਤ ਨੂੰ ਤਿੰਨ ਨੌਜਵਾਨਾਂ ਨੇ ਚਲਾਈਆਂ ਗੋਲ਼ੀਆਂ, ਮੁੰਡੇ ਦੀ ਮਸਾਂ ਬਚੀ ਜਾਨ
Friday, Sep 13, 2024 - 03:01 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਰੇਲਵੇ ਪੁਲ ਦੇ ਕੋਲ ਬੀਤੇ ਵੀਰਵਾਰ ਦੀ ਦੇਰ ਰਾਤ ਨੂੰ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ ਇਕ ਨੌਜਵਾਨ ਵਾਲ-ਵਾਲ ਬਚ ਗਿਆ। ਘਟਨਾ ਵਾਲੀ ਥਾਂ 'ਤੇ ਡੀ. ਐੱਸ. ਪੀ. ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਫੜ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਦਰਾ ਕਲੋਨੀ 'ਚ ਰਹਿੰਦੇ ਕਰਨ ਪੁੱਤਰ ਰਵੀ ਨੇ ਦੱਸਿਆ ਕਿ ਬੀਤੇ ਵੀਰਵਾਰ ਨੂੰ ਰਾਤ ਸਵਾ 10 ਵਜੇ ਦੇ ਕਰੀਬ ਘਰ ਵਿਚ ਫਲੱਸ਼ ਨਾ ਹੋਣ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਔਰਤਾਂ ਬਾਹਰ ਜਾਂਦੀਆਂ ਹਨ, ਇਸ ਦੌਰਾਨ ਤਿੰਨ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਪਿੱਛਾ ਕਰਨ ਉਪਰੰਤ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਉਹ ਉਥੋਂ ਚਲੇ ਗਏ।
ਇਸ ਦੌਰਾਨ ਅਸੀਂ ਰੇਲਵੇ ਪੁਲ ਦੇ ਕੋਲ ਖੜ੍ਹੇ ਸੀ ਤਾਂ ਇਸ ਦੌਰਾਨ ਥੋੜੇ ਸਮੇਂ ਬਾਅਦ ਉਹ ਤਿੰਨੇ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਦੋ ਸਿੱਧੇ ਫਾਇਰ ਮੇਰੇ 'ਤੇ ਕੀਤੇ, ਕੋਲ ਖੜੇ ਸੰਨੀ ਪੁੱਤਰ ਕਰਨੈਲ ਸਿੰਘ ਨੇ ਸਮਾਂ ਰਹਿੰਦੇ ਉਸ ਨੂੰ ਬਚਾ ਲਿਆ। ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾ ਵਾਲੀ ਥਾਂ 'ਤੇ ਇਲਾਕੇ ਦੇ ਡੀ. ਐੱਸ. ਪੀ. ਸਤਨਾਮ ਸਿੰਘ ਪਹੁੰਚੇ ਅਤੇ ਜਾਇਜ਼ਾ ਲਿਆ। ਡੀ. ਐੱਸ. ਪੀ. ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਜਾਰੀ ਹੈ। ਹਮਲਾਵਰਾਂ ਨੂੰ ਫੜਨ ਲਈ ਪੁਲਸ ਦੀਆਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।