ਮੋਟਰਸਾਈਕਲ ਚੋਰ ਗਿਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ
Friday, Mar 09, 2018 - 05:32 PM (IST)
ਸਰਦੂਲਗੜ੍ਹ (ਚੋਪੜਾ) — ਸਰਦੂਲਗੜ੍ਹ ਪੁਲਸ ਨੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਵਾਲੇ ਮੋਟਰਸਾਈਕਲ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਚੋਰੀ ਕੀਤੇ ਪੰਜ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਇੰਸਪੈਕਟਰ ਗੁਰਦੀਪ ਸਿੰਘ ਦਿਓਲ ਨੇ ਦੱਸਿਆ ਕਿ ਸਰਵਿੰਦਰ ਸਿੰਘ ਵਾਸੀ ਰੋੜਕੀ ਨੇ ਮੋਟਰਸਾਈਕਲ ਚੋਰੀ ਹੋਣ ਸਬੰਧੀ ਪ੍ਰੀਤਇੰਦਰ ਸਿੰਘ ਉਰਫ ਮਨੀ ਵਾਸੀ ਸਰਦੂਲਗੜ੍ਹ, ਮੇਵਾ ਰਾਮ ਅਤੇ ਕੇਵਲ ਸਿੰਘ ਵਾਸੀ ਰੋੜਕੀ ਵਿਰੁੱਧ ਦਰਖਾਸਤ ਦਿੱਤੀ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਮੁਕਦਮਾ ਦਰਜ ਕਰਕੇ ਉਕਤ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੇ ਤਫਤੀਸ਼ ਦੌਰਾਨ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ। ਪੁਲਸ ਨੇ ਉਕਤ ਚੋਰ ਗਿਰੋਹ ਦੀ ਨਿਸ਼ਾਨਦੇਹੀ 'ਤੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਪੰਜ ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
