ਕੈਸ਼ੀਅਰ ਦਾ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਹਥਿਆਰ

Thursday, Jul 09, 2026 - 02:22 PM (IST)

ਕੈਸ਼ੀਅਰ ਦਾ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਹਥਿਆਰ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-11 ਸਥਿਤ ਸ਼੍ਰੀ ਕੁਮਾਰ ਕੈਮਿਸਟ ਦੇ ਕੈਸ਼ੀਅਰ ਜਾਨਕੀ ਦਾਸ ਦਾ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰ ਪਾਕਿਸਤਾਨ ਤੋਂ ਨਾਜਾਇਜ਼ ਹਥਿਆਰ ਤੇ ਨਕਲੀ ਕਰੰਸੀ ਡਰੋਨ ਰਾਹੀਂ ਮੰਗਵਾਉਂਦੇ ਸਨ ਤਾਂ ਜੋ ਆਪਣੇ ਗਿਰੋਹ ਨੂੰ ਮਜ਼ਬੂਤ ਕੀਤਾ ਜਾ ਸਕੇ। ਕ੍ਰਾਈਮ ਬ੍ਰਾਂਚ ਟੀਮ ਨੇ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਾਸੀ ਗੁਰਮੀਤ ਸਿੰਘ ਉਰਫ਼ ਬਾਦਸ਼ਾਹ, ਤਰਨਤਾਰਨ ਦੇ ਮਿਸ਼ਨ ਕੰਪਾਊਂਡ ਵਾਸੀ ਆਕਾਸ਼ ਕੁਮਾਰ ਉਰਫ਼ ਮਣੀ ਤੇ ਸਚਿਨ ਸਿਲਵੈਸਟਰ ਨੂੰ ਗ੍ਰਿਫ਼ਤਾਰ ਕੀਤਾ। ਪਿੰਡ ਕਾਜ਼ੀਕੋਟ ਵਾਸੀ ਧਰਮਿੰਦਰ ਸਿੰਘ ਉਰਫ਼ ਗੋਲੀ ਉਰਫ਼ ਬਲਵਿੰਦਰ ਸਿੰਘ ਨੂੰ ਪੁਲਸ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਪੁਲਸ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 3.028 ਕਿੱਲੋ ਆਈਸ, 8 ਲੱਖ ਰੁਪਏ ਦੀ ਨਕਲੀ ਕਰੰਸੀ ਤੇ ਮੈਗਜ਼ੀਨਾਂ ਦੇ ਨਾਲ ਦੋ ਅਤਿ ਆਧੁਨਿਕ ਪਿਸਤੌਲਾਂ ਬਰਾਮਦ ਕੀਤੀਆਂ ਹਨ। ਐੱਸ. ਪੀ. ਅਨੁਰਾਗ ਦਾਰੂ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਟੀਮ ਨੇ ਕਤਲ ਕਰਵਾਉਣ ਵਾਲੇ ਮਾਸਟਰਮਾਈਂਡ ਅਮਿਤ ਤੋਂ ਪੁੱਛਗਿੱਛ ਦੇ ਬਾਅਦ ਹਥਿਆਰ ਮੁਹੱਈਆ ਕਰਵਾਉਣ ਵਾਲੇ ਗੁਰਮੀਤ, ਆਕਾਸ਼ ਤੇ ਸਚਿਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਜੇਲ੍ਹ ’ਚ ਬੰਦ ਧਰਮਿੰਦਰ ਦੇ ਕਹਿਣ ’ਤੇ ਹਥਿਆਰ ਅਮਿਤ ਤੇ ਉਸਦੇ ਸਾਥੀਆਂ ਨੂੰ ਦਿੱਤੇ ਸਨ। ਇਕ ਵੱਡੇ ਅੰਤਰਰਾਜੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਹੋਇਆ।
ਤਰੀਕਾ : ਡਰੋਨ, ਏਨਕ੍ਰਿਪਟਡ ਐਪਸ ਤੇ ਜੇਲ੍ਹ ਤੋਂ ਅਪ੍ਰੇਟ ਕਰਨ ਵਾਲੇ ਹੈਂਡਲਰ
ਪੁਲਸ ਜਾਂਚ ’ਚ ਡੂੰਘੀ ਤੇ ਕਈ ਪਰਤਾਂ ਵਾਲੀ ਅਪਰਾਧਿਕ ਸਾਜ਼ਿਸ਼ ਦਾ ਪਤਾ ਲੱਗਾ ਹੈ। ਪਾਕਿਸਤਾਨ ਤੇ ਵਿਦੇਸ਼ਾਂ ’ਚ ਸੁਰੱਖਿਅਤ ਠਿਕਾਣਿਆਂ ’ਤੇ ਬੈਠੇ ਹੈਂਡਲਰ, ਪੰਜਾਬ ਦੀ ਸਰਹੱਦ ਨਾਲ ਨੇੜਤਾ ਦਾ ਫ਼ਾਇਦਾ ਉਠਾਉਂਦਿਆਂ ਡਰੋਨ ਰਾਹੀਂ ਪ੍ਰਤੀਬੰਧਿਤ ਸਾਮਾਨ (ਡਰੱਗਸ ਤੇ ਹਥਿਆਰ) ਸੁੱਟਦੇ ਹਨ। ਖ਼ੁਫ਼ੀਆ ਏਜੰਸੀਆਂ ਤੋਂ ਬਚਣ ਲਈ ਐਂਡ-ਟੂ-ਐਂਡ ਏਨਕ੍ਰਿਪਟਡ ਮੈਸੇਜਿੰਗ ਐਪਸ ਦੀ ਵਰਤੋਂ ਕਰਦਿਆਂ ਵਿਦੇਸ਼ੀ ਅਪਰੇਟਿਵ ਜੇਲ੍ਹ ’ਚ ਬੰਦ ਸਰਗਨਾਵਾਂ ਨਾਲ ਤਾਲਮੇਲ ਬਿਠਾਉਂਦੇ ਹਨ। ਇਸ ਮਾਮਲੇ ’ਚ ਸਾਰੀ ਸਾਜ਼ਿਸ਼ ਧਰਮਿੰਦਰ ਸਿੰਘ ਉਰਫ਼ ਗੋਲੀ ਨੇ ਰਚੀ ਸੀ, ਜਿਸ ’ਤੇ ਕਤਲ ਤੇ ਜਬਰਨ ਵਸੂਲੀ ਸਮੇਤ ਹੋਰ ਮਾਮਲੇ ਮਿਲਾ ਕੇ ਕੁਲ 32 ਮਾਮਲੇ ਦਰਜ ਹਨ ਤੇ ਹਾਲੇ ਕਪੂਰਥਲਾ ਜੇਲ੍ਹ ਤੋਂ ਨੈੱਟਵਰਕ ਚਲਾ ਰਿਹਾ ਸੀ। ਗੋਲੀ ਦੇ ਨਿਰਦੇਸ਼ ’ਤੇ ਸਰਹੱਦੀ ਇਲਾਕਿਆਂ ’ਚ ਮੌਜੂਦ ਸਾਥੀਆਂ ਨੇ ਡਰੋਨ ਦੁਆਰਾ ਸੁੱਟੇ ਗਏ ਆਧੁਨਿਕ ਹਥਿਆਰ ਤੇ ਨਸ਼ੀਲੇ ਪਦਾਰਥ ਇਕੱਠੇ ਕੀਤੇ। ਇਸ ਤੋਂ ਬਾਅਦ ਸਿੰਡੀਕੇਟ ਨੇ ਜੰਮੂ-ਕਸ਼ਮੀਰ ਤੋਂ ਸ਼ੂਟਰ ਬੁਲਾਏ, ਸੁਰੱਖਿਅਤ ਠਿਕਾਣੇ ਦਿੱਤੇ, ਤਸਕਰੀ ਕਰਕੇ ਲਿਆਂਦੀਆਂ ਗਈਆਂ ਆਧੁਨਿਕ ਪਿਸਤੌਲਾਂ ਦੀ ਮਾਰਕ ਸਮਰਥਾ ਦੀ ਜਾਂਚ ਲਈ ਚਲਾ ਕੇ ਦੇਖੀਆਂ ਤੇ ਹਿੰਸਕ ਅਪਰਾਧ ਕਰਨ ਤੋਂ ਪਹਿਲਾਂ ਟਾਰੇਗਟ ਦੀ ਰੇਕੀ ਕੀਤੀ। ਪੁਲਸ ਦਾ ਕਹਿਣਾ ਹੈ ਕਿ ਸਾਜ਼ਿਸ਼ ’ਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਫੜ੍ਹਨ, ਬਰਾਮਦ ਸਾਮਾਨ ਤੇ ਨਾਜਾਇਜ਼ ਹਥਿਆਰਾਂ ਦੇ ਸਰੋਤ ਦਾ ਪਤਾ ਲਾਉਣ ਤੇ ਅਪਰਾਧ ਦੇ ਪਿੱਛੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News