ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਗ੍ਰਿਫਤਾਰ

Monday, Sep 18, 2017 - 01:16 AM (IST)

ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਗ੍ਰਿਫਤਾਰ

ਜਲਾਲਾਬਾਦ (ਸੇਤੀਆ, ਬੰਟੀ, ਬਜਾਜ, ਦੀਪਕ, ਟੀਨੂੰ, ਗੁਲਸ਼ਨ, ਜਤਿੰਦਰ, ਮਿੱਕੀ)- ਜ਼ਿਲਾ ਸੀਨੀਅਰ ਪੁਲਸ ਕਪਤਾਨ ਡਾ. ਕੇਤਨ ਬਾਲੀਰਾਮ ਪਾਟਿਲ ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੁਖਤਿਆਰ ਸਿੰਘ ਐੱਸ. ਪੀ. (ਡੀ) ਫਾਜ਼ਿਲਕਾ ਅਤੇ ਅਮਰਜੀਤ ਸਿੰਘ ਉਪ ਕਪਤਾਨ ਪੁਲਸ ਸਬ-ਡਵੀਜਨ ਜਲਾਲਾਬਾਦ ਦੀ ਅਗਵਾਈ ਹੇਠ ਨਗਰ ਥਾਣਾ ਪੁਲਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਅਤੇ ਨਾਜਾਇਜ਼ ਅਸਲਾ ਰੱਖਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਐੱਸ. ਆਈ. ਅਭਿਵਨ ਚੌਹਾਨ ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ ਸਮੇਤ ਏ. ਐੱਸ. ਆਈ. ਸਤੀਸ਼ ਕੁਮਾਰ ਨੇ ਬੀਤੀ 19 ਅਗਸਤ ਨੂੰ ਸੋਨੀਆ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ 'ਤੇ ਡਾਕਟਰ ਦੀ ਗੱਡੀ ਖੋਹਣ ਵਾਲੇ ਅਣਪਛਾਤੇ ਲੁਟੇਰਿਆਂ ਖਿਲਾਫ ਚਾਲਕ ਗੁਰਮੀਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਰਾਜਸਥਾਨ ਪੁਲਸ ਨੇ ਨਾਕੇ ਦੌਰਾਨ ਗੱਡੀ ਅਤੇ ਦੋਸ਼ੀ ਅਵਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ  ਵਾਸੀ ਰੁਪਾਣਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੇ ਅਮਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਨੂਰਪੁਰ ਜ਼ਿਲਾ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਗੱਡੀ ਵੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ। ਇਨ੍ਹਾਂ ਕੋਲੋਂ ਉਸ ਸਮੇਂ ਵਾਰਦਾਤ ਵਿਚ ਵਰਤਿਆ ਗਿਆ ਪਿਸਤੌਲ 315 ਬੋਰ ਤੇ 4 ਰੌਂਦ ਜ਼ਿੰਦਾ ਅਤੇ ਇਕ ਖੋਲ ਚੱਲਿਆ ਬਰਾਮਦ ਕੀਤਾ ਹੈ। 
ਸਥਾਨਕ ਸਾਂਝ ਕੇਂਦਰ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਮੁਖਤਿਆਰ ਸਿੰਘ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ ਅਤੇ ਅਮਰਜੀਤ ਸਿੰਘ ਥਾਣਾ ਗੁਰੂਹਰਸਹਾਏ ਵੱਲੋਂ ਦਰਜ ਮੁਕੱਦਮੇ 'ਚ ਅਦਾਲਤ ਵੱਲੋਂ ਪੀ. ਓ. ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 25-08-2017 ਨੂੰ ਪੰਜਾਬ ਦੇ ਗੁਆਂਢੀ ਰਾਜ ਰਾਜਸਥਾਨ ਵਿਚ ਵੀ ਹਾਈ ਅਲਰਟ ਸੀ ਅਤੇ ਉਕਤ ਦੋਸ਼ੀ ਸ਼੍ਰੀ ਗੰਗਾਨਗਰ ਮਟੀਲੀ ਦੇ ਨਜ਼ਦੀਕ ਕਿਸੇ ਪੈਟਰੋਲ ਪੰਪ ਤੋਂ ਲੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਦੀ ਫਿਰਾਕ ਵਿਚ ਸਨ, ਜਿੱਥੇ ਇਨ੍ਹਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। 
ਐੱਸ. ਪੀ. ਡੀ. ਨੇ ਦੱਸਿਆ ਕਿ ਉਕਤ ਦੋਸ਼ੀਆਂ 'ਚ ਅਮਰਜੀਤ ਸਿੰਘ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਿਚ ਮੁੱਖ ਹੈ ਅਤੇ ਸਾਰੀ ਰੂਪ-ਰੇਖਾ ਇਸ ਦੇ ਅੰਡਰ ਚੱਲਦੀ ਹੈ। ਉਕਤ ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ 7 ਮਾਮਲੇ ਦਰਜ ਹਨ। 
ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਣੇ ਕਾਬੂ
ਇਸ ਤੋਂ ਇਲਾਵਾ ਸਬ-ਇੰਸਪੈਕਰ ਗੁਰਨੈਬ ਸਿੰਘ ਨੇ ਸਮੇਤ ਪੁਲਸ ਪਾਰਟੀ ਦੌਰਾਨ ਗਸ਼ਤ ਬੱਸ ਅੱਡਾ ਮੁਕਤਸਰ ਸਾਹਿਬ ਜਲਾਲਾਬਾਦ ਤੋਂ ਦੋਸ਼ੀ ਨਛੱਤਰ ਸਿੰਘ ਪੁੱਤਰ ਜਸਵਿੰਦਰ ਸਿੰਘ ਰਾਏ ਸਿੱਖ ਵਾਸੀ ਭੁੱਲਰ ਕਾਲੋਨੀ ਗਲੀ ਨੰਬਰ 4 ਸ੍ਰੀ ਮੁਕਤਸਰ ਸਾਹਿਬ ਪਾਸੋਂ ਇਕ ਪਿਸਤੌਲ ਦੇਸੀ 12 ਬੋਰ ਅਤੇ 2 ਰੌਂਦ ਜ਼ਿੰਦਾ 12 ਬੋਰ ਬਰਾਮਦ ਕੀਤੇ ਹਨ, ਜਿਸ 'ਤੇ ਪੁਲਸ ਨੇ ਥਾਣਾ ਸਿਟੀ ਜਲਾਲਾਬਾਦ ਵਿਚ ਮਾਮਲਾ ਦਰਜ ਕੀਤਾ ਹੈ।


Related News