ਸੌਦਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਨਖਾਹੀਆ ਕਰਾਰ
Monday, Dec 08, 2025 - 02:31 PM (IST)
ਅੰਮ੍ਰਿਤਸਰ (ਵੈੱਬ ਡੈਸਕ): ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕਤੱਰਤਾ ਹੋਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ 2015 ਦੀਆਂ ਘਟਨਾਵਾਂ ਬਾਰੇ ਸਪਸ਼ਟੀਕਰਨ ਮੰਗਿਆ। ਉਨ੍ਹਾਂ ਪੁੱਛਿਆ ਕਿ ਸਤੰਬਰ 2015 ਵਿਚ ਸਿਰਸੇ ਦੇ ਅਖੌਤੀ ਸਾਧ ਵੱਲੋਂ ਗੁਰੂ ਸਾਹਿਬ ਦਾ ਸਵਾਂਗ ਰਚਣ, ਅੰਮ੍ਰਿਤ ਦੀ ਨਕਲ ਕਰਨ ਅਤੇ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਭੇਜੀ ਗਈ ਮੁਆਫੀ ਦੀ ਚਿੱਠੀ ਨੂੰ ਕਿਉਂ ਪ੍ਰਵਾਨ ਕੀਤਾ ਗਿਆ, ਜਦੋਂ ਕਿ ਪੂਰੇ ਪੰਥ ਨੇ ਇਸ ਨਾਲ ਅਸਹਿਮਤੀ ਜਤਾਈ ਸੀ।
ਇਸ 'ਤੇ ਗਿਆਨੀ ਗੁਰਬਚਨ ਸਿੰਘ ਨੇ ਮੰਨਿਆ ਕਿ ਉਸ ਸਮੇਂ ਕੀਤੀ ਗਈ ਪ੍ਰਵਾਨਗੀ ਠੀਕ ਨਹੀਂ ਸੀ ਅਤੇ ਇਸ ਨਾਲ ਪੰਥਕ ਮਰਿਆਦਾ ਨੂੰ ਠੇਸ ਪਹੁੰਚੀ। ਉਨ੍ਹਾਂ ਜਨਤਕ ਤੌਰ 'ਤੇ ਕਿਹਾ ਕਿ ਉਹ ਇਸ ਮਾਮਲੇ ਲਈ ਸਮੁੱਚੇ ਪੰਥ ਤੋਂ ਮੁਆਫੀ ਮੰਗਦੇ ਹਨ ਅਤੇ ਆਪਣੀ ਗਲਤੀ ‘ਤੇ ਖੇਦ ਪ੍ਰਗਟ ਕਰਦੇ ਹਨ। ਗਿਆਨੀ ਗੁਰਬਚਨ ਸਿੰਘ ਨੇ ਦੁਹਰਾਇਆ ਕਿ ਉਹ ਇਸ ਫ਼ੈਸਲੇ ਲਈ ਪਹਿਲਾਂ ਵੀ ਮੁਆਫੀ ਮੰਗ ਚੁੱਕੇ ਹਨ ਅਤੇ ਅੱਜ ਫਿਰ ਪੂਰੇ ਪੰਥ ਅੱਗੇ ਖਿਮਾ ਯਾਚਨਾ ਕਰਦੇ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਪਿਛਲੇ ਸਿੰਘ ਸਾਹਿਬ ਦਾ ਆਦੇਸ਼ ਮੁਤਾਬਕ ਗਿਆਨੀ ਗੁਰਬਚਨ ਸਿੰਘ ਨੂੰ ਜਦੋਂ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਮੁਆਫ਼ੀ ਨਹੀਂ ਮੰਗਦੇ, ਓਨੀ ਦੇਰ ਤਕ ਉਨ੍ਹਾਂ ਦੀਆਂ ਸੇਵਾਵਾਂ ਤੇ ਰੋਕ ਲਗਾਈ ਗਈ ਸੀ। ਅੱਜ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਮੁੱਚੇ ਪੰਥ ਤੋਂ ਮੁਆਫ਼ੀ ਮੰਗੀ ਹੈ। ਇਸ ਦੌਰਾਨ ਉਨ੍ਹਾਂ ਨੂੰ ਤਨਖ਼ਾਹ ਲਗਾਉਂਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿਚ ਇਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਣਗੇ, ਦੋ ਦਿਨ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਆਸਾ ਦੀ ਵਾਰ ਤੇ ਜਾਪੁ ਸਾਹਿਬ ਦਾ ਇਕ-ਇਕ ਪਾਠ ਕਰਨਗੇ, ਤਨਖ਼ਾਹ ਪੂਰੇ ਹੋਣ 'ਤੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਉਣਗੇ ਤੇ 1100 ਰੁਪਏ ਗੁਰੂ ਕੀ ਗੋਲਕ ਵਿਚ ਪਾ ਕੇ ਅਰਦਾਸ ਕਰਵਾਉਣਗੇ।
