ਸਕਰੈਪ ਕਾਰੋਬਾਰੀ ਨੂੰ ਗੋਲ਼ੀ ਮਾਰਨ ਦੀ ਧਮਕੀ ਦੇ ਕੇ ਮੰਗੀ 5 ਲੱਖ ਦੀ ਰੰਗਦਾਰੀ
Monday, Aug 17, 2026 - 12:47 PM (IST)
ਲੁਧਿਆਣਾ (ਰਾਜ): ਸ਼ਹਿਰ ਦੇ ਇਕ ਸਕਰੈਪ ਕਾਰੋਬਾਰੀ ਨੂੰ ਫ਼ੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 5 ਲੱਖ ਰੁਪਏ ਦੀ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਪਹਿਲਾਂ ਕਾਰੋਬਾਰੀ ਨੂੰ ਮੈਸੇਜ ਭੇਜ ਕੇ ਉਸ ਦੀ ਦੁਕਾਨ 'ਤੇ ਹੀ ਗੋਲ਼ੀ ਮਾਰਨ ਦੀ ਧਮਕੀ ਦਿੱਤੀ ਤੇ ਬਾਅਦ ਵਿਚ ਕਾਲ ਕਰ ਕੇ 5 ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਵੱਲੋਂ ਆਪਣੇ ਪੱਧਰ ’ਤੇ ਕੀਤੀ ਪੜਤਾਲ ਤੋਂ ਬਾਅਦ ਮੁਲਜ਼ਮ ਦੀ ਪਛਾਣ ਰਾਜਿੰਦਰ ਕੁਮਾਰ ਵਜੋਂ ਹੋਈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਵਿਜੇਂਦਰ ਕੁਮਾਰ ਨੇ ਦੱਸਿਆ ਕਿ ਲੰਘੀ 25 ਜੁਲਾਈ ਦੀ ਸ਼ਾਮ ਕਰੀਬ ਪੌਣੇ ਅੱਠ ਵਜੇ ਉਹ ਆਪਣੇ ਘਰ ਮੌਜੂਦ ਸੀ। ਇਸੇ ਦੌਰਾਨ ਉਸ ਦੇ ਮੋਬਾਈਲ 'ਤੇ ਇਕ ਅਣਪਛਾਤੇ ਵਿਅਕਤੀ ਨੇ ਧਮਕੀ ਭਰਿਆ ਮੈਸੇਜ ਭੇਜਿਆ। ਮੈਸੇਜ ਵਿਚ ਸਾਫ਼ ਲਿਖਿਆ ਸੀ ਕਿ ਉਹ ਉਸ ਦੀ ਕਬਾੜ ਦੀ ਦੁਕਾਨ 'ਤੇ ਆ ਕੇ ਹੀ ਉਸ ਨੂੰ ਗੋਲੀ ਮਾਰੇਗਾ ਤੇ ਜਾਨੋਂ ਖ਼ਤਮ ਕਰ ਦੇਵੇਗਾ। ਇਸ ਤੋਂ ਬਾਅਦ ਮਾਮਲੇ ਨੇ ਉਦੋਂ ਹੋਰ ਗੰਭੀਰ ਰੂਪ ਲੈ ਲਿਆ ਜਦੋਂ 11 ਅਗਸਤ ਨੂੰ ਸ਼ਾਮ ਕਰੀਬ ਸਾਢੇ ਪੰਜ ਵਜੇ ਤੇ ਫਿਰ 13 ਅਗਸਤ ਨੂੰ ਰਾਤ ਕਰੀਬ 9 ਵਜੇ ਉਸ ਦੇ ਮੋਬਾਈਲ ''ਤੇ ਇੱਕ ਹੋਰ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਸਿੱਧੀ ਧਮਕੀ ਦਿੰਦਿਆਂ ਕਿਹਾ ‘ਜੇ ਤੂੰ ਮੈਨੂੰ 5 ਲੱਖ ਰੁਪਏ ਨਾ ਦਿੱਤੇ ਤਾਂ ਇਸ ਦਾ ਅੰਜਾਮ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਭੁਗਤਣਾ ਪਵੇਗਾ। ਮੈਂ ਤੈਨੂੰ ਅਤੇ ਤੇਰੇ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦਿਆਂਗਾ।’
ਇਸ ਤਰ੍ਹਾਂ ਲਗਾਤਾਰ ਮਿਲ ਰਹੀਆਂ ਧਮਕੀਆਂ ਤੇ ਰੰਗਦਾਰੀ ਦੀ ਮੰਗ ਤੋਂ ਘਬਰਾਏ ਪੀੜਤ ਨੇ ਜਦੋਂ ਆਪਣੇ ਪੱਧਰ 'ਤੇ ਮਾਮਲੇ ਦੀ ਪੜਤਾਲ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਇਹ ਧਮਕੀਆਂ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਰਾਜਿੰਦਰ ਕੁਮਾਰ ਹੈ। ਇਸ ਤੋਂ ਬਾਅਦ ਪੀੜਤ ਨੇ ਤੁਰੰਤ ਪੁਲਸ ਨਾਲ ਸੰਪਰਕ ਕਰ ਕੇ ਪੂਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ।
ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਦੋਵਾਂ ਮੋਬਾਈਲ ਨੰਬਰਾਂ ਦੇ ਆਧਾਰ ''ਤੇ ਮੁਲਜ਼ਮ ਰਾਜਿੰਦਰ ਕੁਮਾਰ ਖ਼ਿਲਾਫ਼ ਰੰਗਦਾਰੀ ਮੰਗਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
