ਆਰ.ਟੀ.ਓ. ਦਫਤਰ ਦੇ ਅਫ਼ਸਰ ਦੀ ਗੱਡੀ ''ਚ ਹਥਿਆਰਾਂ ਦਾ ਪ੍ਰਦਰਸ਼ਨ: ਪੱਟ ’ਤੇ ਪਿਸਤੌਲ ਰੱਖ ਕੇ ਪਾਈ ਰੀਲ

Friday, Aug 07, 2026 - 05:35 PM (IST)

ਆਰ.ਟੀ.ਓ. ਦਫਤਰ ਦੇ ਅਫ਼ਸਰ ਦੀ ਗੱਡੀ ''ਚ ਹਥਿਆਰਾਂ ਦਾ ਪ੍ਰਦਰਸ਼ਨ: ਪੱਟ ’ਤੇ ਪਿਸਤੌਲ ਰੱਖ ਕੇ ਪਾਈ ਰੀਲ

ਲੁਧਿਆਣਾ (ਰਾਜ)- ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਵੱਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਅਤੇ ਸੋਸ਼ਲ ਮੀਡੀਆ ’ਤੇ ਰੀਲ ਬਣਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਸ਼ਹਿਰ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਕਾਰ ਵਿਚ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉਸ ਨੂੰ ਸ਼ਹਿਰ ਦੇ ਆਰ.ਟੀ.ਓ. ਦਫਤਰ ਵਿਚ ਤਾਇਨਾਤ ਇਕ ਸਰਕਾਰੀ ਅਧਿਕਾਰੀ ਚਲਾ ਰਿਹਾ ਸੀ।

ਸਾਹਮਣੇ ਆਈ ਵਾਇਰਲ ਵੀਡੀਓ ਵਿਚ ਇਕ ਕਾਰ ਦੇ ਅੰਦਰ ਚਾਰ ਵਿਅਕਤੀ ਸਵਾਰ ਦਿਖਾਈ ਦੇ ਰਹੇ ਹਨ। ਕਾਰ ਦੀ ਪਿਛਲੀ ਸੀਟ ’ਤੇ ਬੈਠੇ ਦੋ ਨੌਜਵਾਨਾਂ ਦੇ ਕੋਲ ਪਿਸਤੌਲਾਂ ਨਜ਼ਰ ਆ ਰਹੀਆਂ ਹਨ। ਕਾਨੂੰਨ ਵਿਵਸਥਾ ਨੂੰ ਠੇਂਗਾ ਦਿਖਾਉਂਦੇ ਇਨ੍ਹਾਂ ਨੌਜਵਾਨਾਂ ਨੇ ਹਥਿਆਰਾਂ ਨੂੰ ਆਪਣੇ ਪੱਟਾਂ ‘ਤੇ ਰੱਖਿਆ ਤੇ ਮੋਬਾਇਨ ਤੋਂ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਟੇਟਸ ਦੇ ਰੂਪ ਵਿਚ ਅਪਲੋਡ ਕਰ ਦਿੱਤਾ।

ਵੀਡੀਓ ਵਾਇਰਲ ਹੁੰਦੇ ਹੀ ਸ਼ਹਿਰ ਵਿਚ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ। ਇਸ ਪੂਰੇ ਘਟਨਾਕ੍ਰਮ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਕਾਰ ਚਲਾਉਣ ਵਾਲਾ ਵਿਅਕਤੀ ਜ਼ਿਲੇ ਦੇ ਆਰ.ਟੀ.ਓ. ਦਫਤਰ ਵਿਚ ਇਕ ਜਿੰਮੇਵਾਰ ਸਰਕਾਰੀ ਅਹੁਦੇ ’ਤੇ ਤਾਇਨਾਤ ਅਧਿਕਾਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੇ ਸਰਕਾਰੀ ਅਧਿਕਾਰੀ ਹੀ ਅਜਿਹੀਆਂ ਹਰਕਤਾਂ ਨੂੰ ਸਰਪ੍ਰਸਤੀ ਦੇਣਗੇ ਜਾਂ ਉਨ੍ਹਾਂ ਵਿਚ ਸ਼ਾਮਲ ਹੋਣਗੇ ਤਾਂ ਆਮ ਜਨਤਾ ਨੂੰ ਕਾਨੂੰਨ ਤੇ ਮਰਿਆਦਾ ਦਾ ਪਾਠ ਕੌਣ ਪੜ੍ਹਾਵੇਗਾ ? ਹਾਲ ਦੀ ਘੜੀ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵੀਡੀਓ ਵਿਚ ਦਿਖ ਰਹੇ ਹਥਿਆਰ ਲਾਇਸੈਂਸੀ ਹਨ ਜਾਂ ਨਾਜਾਇਜ਼। ਪੁਲਸ ਵੱਲੋਂ ਜਾਂਚ ਤੋਂ ਬਾਅਦ ਹੀ ਸਥਿਤੀ ਸਾਫ ਹੋਵੇਗੀ ਕਿ ਹਥਿਆਰ ਕਿਸ ਦੇ ਨਾਂ ’ਤੇ ਰਜਿਸਟਰਡ ਹਨ।


author

Anmol Tagra

Content Editor

Related News