ਬਿਜਲੀ ਦੇ 25 ਫੀਡਰਾਂ ਦੀ ਸਪਲਾਈ ਰਹੀ ਠੱਪ! 6 ਘੰਟੇ ਰਿਹਾ ਬਲੈਕਆਊਟ, ਪਾਵਰਕਾਮ ਨੂੰ ਮਿਲੀਆਂ 10,000 ਸ਼ਿਕਾਇਤਾਂ
Wednesday, Aug 05, 2026 - 02:48 PM (IST)
ਲੁਧਿਆਣਾ (ਖੁਰਾਣਾ): ਪੰਜਾਬ ਦੀ ਮਾਨਚੈਸਟਰ ਸਿਟੀ ਲੁਧਿਆਣਾ ਵਿਚ ਸੋਮਵਾਰ ਦੀ ਅੱਧੀ ਰਾਤ ਨੂੰ ਹੋਈ ਬਾਰਿਸ਼ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਵਿਵਸਥਾ ਪੂਰੀ ਤਰ੍ਹਾਂ ਵਿਗੜ ਕੇ ਰਹਿ ਗਈ। ਜਾਣਕਾਰੀ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਾਪਿਤ 25 ਦੇ ਕਰੀਬ ਫੀਡਰਾਂ ਦੀ ਸਪਲਾਈ ਠੱਪ ਹੋ ਗਈ, ਜਿਸ ਕਾਰਨ ਲਗਾਤਾਰ 6 ਘੰਟੇ ਤੱਕ ਸ਼ਹਿਰ ਵਿਚ ਬਲੈਕਆਊਟ ਰਹਿਣ ਕਰਕੇ ਕਈ ਇਲਾਕਿਆਂ ਵਿੱਚ ਹਨੇਰਾ ਛਾਇਆ ਰਿਹਾ ਤੇ ਲੋਕਾਂ ਨੂੰ ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਭਾਰੀ ਕਿੱਲਤ ਨਾਲ ਜੂਝਣਾ ਪਿਆ।
ਪਾਵਰਕਾਮ ਵਿਭਾਗ ਨੂੰ ਬਿਜਲੀ ਬੰਦ ਹੋਣ ਸਬੰਧੀ 10,000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਸੋਮਵਾਰ ਅੱਧੀ ਰਾਤ ਨੂੰ ਅਚਾਨਕ ਹੋਈ ਤੇਜ਼ ਬਾਰਿਸ਼ ਕਾਰਨ ਸਵੇਰੇ ਕਰੀਬ 4 ਵਜੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਬੰਦ ਹੋ ਗਈ। ਅਜਿਹੇ ਵਿੱਚ ਹੁੰਮਸ ਭਰੀ ਭਾਰੀ ਗਰਮੀ ਵਿਚ ਲੋਕਾਂ ਨੂੰ ਲਗਾਤਾਰ ਕਈ ਘੰਟਿਆਂ ਤੱਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਮੁੜ ਕੇ ਨਾਲ ਭਿੱਜੇ ਲੋਕ ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਟੋਲ ਫ੍ਰੀ ਨੰਬਰ 1912 ''ਤੇ ਫੋਨ ਕਰਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਂਦੇ ਰਹੇ।
ਉੱਧਰ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਦੀ ਟੀਮ ਵੱਲੋਂ ਬਿਨਾਂ ਕਿਸੇ ਦੇਰੀ ਦੇ ਬਾਰਿਸ਼ ਦੀ ਪ੍ਰਵਾਹ ਕੀਤੇ ਬਿਨਾਂ ਹੀ ਰਾਤ ਨੂੰ ਸੜਕਾਂ ''ਤੇ ਮੋਰਚਾ ਸੰਭਾਲ ਲਿਆ ਗਿਆ ਤੇ ਬਿਜਲੀ ਦੀ ਸਪਲਾਈ ਨੂੰ ਬਹਾਲ ਕਰਨ ਸਮੇਤ ਬੰਦ ਪਏ ਸਾਰੇ 25 ਫੀਡਰਾਂ ਨੂੰ ਦੁਰੁਸਤ ਕਰਨ ਦਾ ਕੰਮ ਯੁੱਧ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ।
ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਸੋਮਵਾਰ ਅੱਧੀ ਰਾਤ ਨੂੰ ਅਚਾਨਕ ਹੋਈ ਤੇਜ਼ ਬਾਰਿਸ਼ ਕਾਰਨ ਫੀਡਰਾਂ ਵਿੱਚ ਤਕਨੀਕੀ ਖਰਾਬੀ ਪੈਣ ਕਰਕੇ ਮੰਗਲਵਾਰ ਸਵੇਰੇ ਕਰੀਬ 4 ਵਜੇ ਬਿਜਲੀ ਦੀ ਸਪਲਾਈ ਬੰਦ ਹੋ ਗਈ, ਜਿਸ ਕਾਰਨ ਪਾਵਰਕਾਮ ਵਿਭਾਗ ਨੂੰ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿਚੋਂ 10,000 ਦੇ ਕਰੀਬ ਬਿਜਲੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਚੀਫ਼ ਇੰਜੀਨੀਅਰ ਸ. ਹਾਂਸ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਐੱਸ.ਈ. ਈਸਟ ਸਰਕਲ ਸੁਰਜੀਤ ਸਿੰਘ ਅਤੇ ਐੱਸ.ਈ. ਵੈਸਟ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਦੁਆਰਾ ਵੱਡੇ ਪੱਧਰ ''ਤੇ ਮੋਰਚਾ ਖੋਲ੍ਹਦੇ ਸਪਲਾਈ ਨੂੰ ਹੋਰਨਾਂ ਫੀਡਰਾਂ ਤੇ ਟ੍ਰਾਂਸਫਾਰਮਰਾਂ ''ਤੇ ਸ਼ਿਫਟ ਕਰ ਦਿੱਤਾ ਤਾਂ ਜੋ ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਆਰਾਮ ਨਾਲ ਸੌਂ ਸਕਣ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 10 ਵਜੇ ਤੱਕ ਸਾਰੇ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ।
