ਫਿਰੋਜ਼ਪੁਰ ਤੋਂ ਹਨੂੰਮਾਨਗੜ੍ਹ ਤੱਕ ਚੱਲਣ ਵਾਲੀ ਇੰਟਰਸਿਟੀ ਟਰੇਨ 30 ਜਨਵਰੀ ਤੱਕ ਰਹੇਗੀ ਬੰਦ
Saturday, Jan 18, 2025 - 03:36 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ) : ਫਿਰੋਜ਼ਪੁਰ ਤੋਂ ਹਨੂੰਮਾਨਗੜ੍ਹ ਤੱਕ ਚੱਲਣ ਵਾਲੀ ਇੰਟਰਸਿਟੀ ਰੇਲਗੱਡੀ ਨੰਬਰ 14601-14602 ਨੂੰ ਹਨੂੰਮਾਨਗੜ੍ਹ 'ਚ ਰੇਲਵੇ ਦਾ ਕੰਮ ਹੋਣ ਕਾਰਨ 20 ਤੋਂ 30 ਜਨਵਰੀ ਤੱਕ ਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਾਰਦਨ ਰੇਲਵੇ ਸਮਿਤੀ ਗੁਰੂਹਰਸਹਾਏ ਦੇ ਸਮੂਹ ਮੈਂਬਰਾਂ ਅਤੇ ਨਾਰਦਨ ਰੇਲਵੇ ਸਮਿਤੀ ਜ਼ੋਨਲ ਦੇ ਸੀਨੀਅਰ ਉਪ ਪ੍ਰਧਾਨ ਚਰਨਜੀਤ ਸਿੰਘ ਮੱਕੜ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰੇਲਵੇ ਬੋਰਡ ਦੇ ਚੇਅਰਮੈਨ ਅਤੇ ਜਨਰਲ ਮੈਨੇਜਰ ਉੱਤਰੀ ਰੇਲਵੇ ਤੋਂ ਮੰਗ ਕੀਤੀ ਹੈ ਕਿ ਇਸ ਰੇਲਗੱਡੀ ਨੂੰ ਫਿਰੋਜ਼ਪੁਰ ਛਾਉਣੀ ਤੋਂ ਸ਼੍ਰੀ ਗੰਗਾਨਗਰ ਤੱਕ ਜਾਰੀ ਰੱਖਿਆ ਜਾਵੇ, ਤਾਂ ਜੋ ਫਿਰੋਜ਼ਪੁਰ ਤੋਂ ਸ਼੍ਰੀ ਗੰਗਾਨਗਰ ਜਾਣ ਵਾਲੇ ਯਾਤਰੀਆਂ ਨੂੰ ਸਹੂਲਤ ਮਿਲ ਸਕੇ।
ਇੱਥੇ ਦੱਸਣਾ ਜ਼ਰੂਰੀ ਹੈ ਕਿ ਪਹਿਲਾਂ ਇਹ ਰੇਲਗੱਡੀ ਸਿਰਫ ਫਿਰੋਜ਼ਪੁਰ ਛਾਉਣੀ ਤੋਂ ਸ਼੍ਰੀ ਗੰਗਾਨਗਰ ਤੱਕ ਚਲਾਈ ਜਾਂਦੀ ਸੀ ਅਤੇ ਇਹੀ ਰੇਲਗੱਡੀ ਫਾਜ਼ਿਲਕਾ, ਅਬੋਹਰ ਰਾਹੀਂ ਰਾਜਸਥਾਨ ਨਾਲ ਜੋੜਦੀ ਹੈ। ਇਸ ਟਰੇਨ ’ਚ ਕੈਂਸਰ ਦੇ ਮਰੀਜ਼ ਵੀ ਹਸਪਤਾਲ ਬੀਕਾਨੇਰ ਜਾਂਦੇ ਆਉਂਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਇਸ ਰੇਲਗੱਡੀ ਨੂੰ ਰੱਦ ਕਰਨ ਦੀ ਬਜਾਏ ਇਸਨੂੰ ਆਮ ਲੋਕਾਂ ਅਤੇ ਮਰੀਜ਼ਾਂ ਦੀ ਸਹੂਲਤ ਲਈ ਚਲਦਾ ਰੱਖਿਆ ਜਾਵੇ।