ਅਣਪਛਾਤੇ ਚੋਰਾਂ ਨੇ ਦੁਕਾਨ ਅੰਦਰੋਂ ਡੇਢ ਲੱਖ ਦੇ ਮੋਬਾਈਲ ਫ਼ੋਨਾਂ ''ਤੇ ਕੀਤਾ ਹੱਥ ਸਾਫ਼
Friday, Sep 18, 2020 - 01:58 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਸਥਾਨਕ ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਆਏ ਦਿਨ ਘਰਾਂ, ਦੁਕਾਨਾਂ ਅੰਦਰ ਅਣਪਛਾਤੇ ਚੋਰਾਂ ਵੱਲੋਂ ਬੜੀ ਸਫ਼ਾਈ ਨਾਲ ਹੱਥ ਸਾਫ਼ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਥਾਨਕ ਸ਼ਹਿਰ ਅੰਦਰ ਵੀ ਵੇਖਣ ਨੂੰ ਮਿਲਿਆ ਹੈ, ਜਿੱਥੇ ਮੋਬਾਈਲਾਂ ਦੀਆਂ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਅਣਪਛਾਤੇ ਚੋਰਾਂ ਨੇ ਦੁਕਾਨ ਅੰਦਰੋਂ ਡੇਢ ਲੱਖ ਰੁਪਏ ਮੋਬਾਈਲ ਫੋਨ ਹੀ ਚੋਰੀ ਕਰ ਲਏ ਹਨ। ਮਾਮਲਾ ਸਥਾਨਕ ਸ਼ੇਰ ਸਿੰਘ ਚੌਂਕ ਤੋਂ ਹੈ, ਜਿੱਥੇ ਸਥਿਤ ਮੋਬਾਈਲਾਂ ਦੀਆਂ ਦੁਕਾਨ ਅੰਦਰ ਇਹ ਘਟਨਾ ਵਾਪਰੀ ਹੈ। ਹਾਲਾਂਕਿ ਸ਼ਿਕਾਇਤ ਤੋਂ ਬਾਅਦ ਸਿਟੀ ਪੁਲਸ ਨੇ ਚੋਰ ਦੀ ਭਾਲ ਜਾਰੀ ਕਰ ਦਿੱਤੀ ਹੈ ਪਰ ਅਜਿਹੀਆਂ ਵਾਰਦਾਤਾਂ ਕਰਕੇ ਲੋਕਾਂ ਅੰਦਰ ਡਰ ਹੋਰ ਵੱਧਣ ਲੱਗਿਆ ਹੈ। ਪੁਲਸ ਕੋਲ ਦਰਜ ਕਰਾਈ ਸ਼ਿਕਾਇਤ 'ਚ ਦੁਕਾਨ ਮਾਲਕ ਰਾਹੁਲ ਗਰਗ ਉਰਫ਼ ਸੰਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਅਬੋਹਰ ਰੋਡ ਗਲੀ ਨੰਬਰ 4 ਨੇ ਦੱਸਿਆ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਉਹ 16 ਸਤੰਬਰ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ।
ਇਹ ਵੀ ਪੜ੍ਹੋ : ਬਟਾਲਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਕੌਮਾਂਤਰੀ ਸਮੱਗਲਰ 32 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ
ਅਗਲੇ ਦਿਨ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਉਸਨੇ ਵੇਖਿਆ ਕਿ ਦੁਕਾਨ ਅੰਦਰ ਪਏ ਕਰੀਬ 42 ਟੱਚ ਫੋਨ, ਜਿੰਨ੍ਹਾਂ 'ਚ ਨਵੇਂ ਅਤੇ ਪੁਰਾਣੇ ਫੋਨ ਵੀ ਸ਼ਾਮਲ ਸਨ, ਦੁਕਾਨ ਅੰਦਰੋਂ ਗਾਇਬ ਸਨ ਅਤੇ ਦੁਕਾਨ ਨਾਲ ਲੱਗਦੀ ਗਲੀ ਵਾਲੀ ਕੰਧ ਨੂੰ ਪਾੜ ਲੱਗਿਆ ਹੋਇਆ ਸੀ, ਜਿਸ ਤੋਂ ਬਾਅਦ ਉਸਨੇ ਤੁਰੰਤ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਉਸਨੇ ਦੱਸਿਆ ਕਿ ਉਸਦਾ ਕੁੱਲ 1 ਲੱਖ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸਮਸ਼ੇਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਐਂਟਰੀ, 14 ਮਹੀਨਿਆਂ ਬਾਅਦ ਟਵਿੱਟਰ 'ਤੇ ਕੱਢੀ ਭੜਾਸ