ਕਰਿਆਨੇ ਦੀ ਦੁਕਾਨ ’ਚੋਂ ਇਕ ਲੱਖ ਦਾ ਸਾਮਾਨ ਚੋਰੀ
Monday, Jun 18, 2018 - 08:00 AM (IST)

ਗੁਰੂਹਰਸਹਾਏ (ਆਵਲਾ) – ਪੁਲਸ ਦੇ ਡਰ ਤੋਂ ਬੇਖੋਫ ਹੋਏ ਚੋਰਾਂ ਨੇ ਅੱਜ ਸਵੇਰੇ 6 ਵਜੇ ਦੇ ਕਰੀਬ ਸ਼ਹਿਰ ਦੇ ਮਾਲ ਗੋਦਾਮ ਰੋਡ ਦੇ ਕੋਲ ਕਰਿਆਨੇ ਦੀ ਪੂਰਨ ਚੰਦ ਰਾਜ ਕੁਮਾਰ ਦੀ ਦੁਕਾਨ ਤਾਲਾ ਤੋਡ਼ ਕੇ ਅੰਦਰ ਪਿਆ 1 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਦੁਕਾਨ ਦੇ ਸੰਚਾਲਕ ਗੌਰਵ ਕਮਰਾ ਨੇ ਦੱਸਿਆ ਕਿ ਉਸ ਨੂੰ ਇਸ ਚੋਰੀ ਦਾ ਪਤਾ ਉਦੋਂ ਲੱਗਾ ਜਦ ਉਹ ਰੋਜ਼ ਦੀ ਤਰ੍ਹਾਂ ਸਵੇਰੇ ਦੁਕਾਨ ਖੋਲ੍ਹਣ ਲਈ ਆਇਆ। ਉਸ ਨੇ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਦੇ ਅੰਦਰ ਪਿਆ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਸ ਨੇ ਜਦ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦੇ ਕੈਸ਼ ਵਾਲੇ ਦਰਾਜ ਵਿਚ ਪਈ 15 ਹਜ਼ਾਰ ਰੁਪਏ ਦੀ ਨਕਦੀ, 3 ਬੋਰੀਆਂ ਖੰਡ, 3 ਬੋਰੀਆਂ ਚਾਹ ਪੱਤੀ ਦੀਆਂ ਅਤੇ ਦੁਕਾਨ ’ਚ ਪਏ ਬੀਡ਼ੀ-ਸਿਗਰੇਟ ਦੇ ਪੈਕੇਟ ਗਾਇਬ ਸਨ।
ਦੱਸਣਯੋਗ ਹੈ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਚੋਰਾਂ ਨੇ ਇਸ ਚੋਰੀ ਨੂੰ ਸਵੇਰੇ 6 ਵਜੇ ਅੰਜਾਮ ਦਿੱਤਾ, ਜਦਕਿ ਸ਼ਹਿਰ ਦੇ ਲੋਕ ਇਸ ਸਡ਼ਕ ’ਤੇ ਸਵੇਰੇ 5 ਵਜੇ ਹੀ ਸੈਰ ਕਰਨ ਨਿਕਲ ਪੈਂਦੇ ਹਨ। ਚੋਰਾਂ ਨੂੰ ਨਾ ਤਾਂ ਪੁਲਸ ਦਾ ਅਤੇ ਨਾ ਹੀ ਆਮ ਲੋਕਾਂ ਦਾ ਡਰ ਹੈ। ਸ਼ਹਿਰ ’ਚ ਚੋਰ ਬੇਖੋਫ ਹੋ ਕੇ ਚੋਰੀਆਂ ਕਰ ਰਹੇ ਹਨ। ਇਨ੍ਹਾਂ ਚੋਰਾਂ ਨੇ ਸ਼ਹਿਰ ਦੀਆਂ 2 ਕਰਿਆਨਾ ਦੁਕਾਨਾਂ ’ਤੇ ਸਵੇਰੇ 6 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਇਕ ਦੁਕਾਨਦਾਰ ਨੇ ਇਨ੍ਹਾਂ ਚੋਰਾਂ ਨੂੰ ਲਲਕਾਰਾ ਮਾਰਿਆ ਤਾਂ ਉਹ ਡਰ ਕੇ ਭੱਜ ਗਏ ਪਰ ਇਸ ਘਟਨਾ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ।
ਬੇਖੋਫ ਹੋਏ ਚੋਰ ਅੱਜ ਸਵੇਰੇ 5 ਵਜੇ ਦੇ ਕਰੀਬ ਕੁਆਲਿਸ ਗੱਡੀ ’ਤੇ ਸਵਾਰ ਹੋ ਕੇ ਊਧਮ ਸਿੰਘ ਚੌਕ ਸਥਿਤ ਕਰਿਆਨੇ ਦੀ ਦੁਕਾਨ ’ਤੇ ਗਏ ਤੇ ਉਸ ਵਕਤ ਦੁਕਾਨ ਦਾ ਮਾਲਕ ਉਪਰਲੀ ਮੰਜ਼ਿਲ ’ਤੇ ਸੀ। ਜਿਵੇਂ ਹੀ ਚੋਰ ਦੁਕਾਨ ਦੇ ਅੰਦਰ ਗਏ ਤਾਂ ਦੁਕਾਨ ਦਾ ਮਾਲਕ ਵੀ ਹੇਠਾਂ ਆ ਗਿਆ, ਜਿਸ ਨੂੰ ਦੇਖ ਕੇ ਚੋਰ ਉਥੋਂ ਭੱਜ ਗਏ ਤੇ ਇਸ ਉਪਰੰਤ ਚੋਰਾਂ ਨੇ ਮਾਲ ਗੋਦਾਮ ਰੋਡ ਸਥਿਤ ਪੂਰਨ ਚੰਦ ਰਾਜ ਕੁਮਾਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਪੀਡ਼ਤ ਦੁਕਾਨਦਾਰ ਨੇ ਦੱਸਿਆ ਕਿ ਪੁਲਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਸ ਨੇ ਫਿਰੋਜ਼ਪੁਰ ਤੋਂ ਡਾਗ ਸਕੁਐਡ ਦੀ ਟੀਮ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।