ਚੋਰਾਂ ਨੇ ਖੋਲ੍ਹੇ ਪਟੜੀ ਦੇ ਜੋੜ ਟਰੇਨਾਂ ਨੂੰ ਲੱਗੀ ''ਬਰੇਕ''

Monday, Feb 05, 2018 - 07:46 AM (IST)

ਚੰਡੀਗੜ੍ਹ  (ਲਲਨ) - ਦਿੱਲੀ ਤੋਂ ਚੰਡੀਗੜ੍ਹ ਆ ਰਹੀ ਸ਼ਤਾਬਦੀ ਸ਼ਨੀਵਾਰ ਰਾਤ ਆਰ. ਪੀ. ਐੱਫ. ਦੀ ਚੌਕਸੀ ਨਾਲ ਪਲਟਣ ਤੋਂ ਵਾਲ-ਵਾਲ ਬਚ ਗਈ। ਘੱਗਰ ਤੇ ਚੰਡੀਗੜ੍ਹ ਰੇਲਵੇ ਟਰੈਕ ਵਿਚਕਾਰ ਚੋਰਾਂ ਨੇ ਪਟੜੀ ਦੇ ਦੋ ਜੋੜ ਖੋਲ੍ਹ ਦਿੱਤੇ ਸਨ। ਇਸ ਦੌਰਾਨ ਪੈਟ੍ਰੋਲਿੰਗ ਕਰ ਰਹੇ ਆਰ. ਪੀ. ਐੱਫ. ਦੇ ਜਵਾਨਾਂ ਨੇ ਹਨੇਰੇ 'ਚ ਪਟੜੀ ਨੇੜੇ ਤਿੰਨ ਨੌਜਵਾਨਾਂ ਨੂੰ ਸ਼ੱਕੀ ਹਾਲਾਤ 'ਚ ਬੈਠੇ ਵੇਖਿਆ। ਆਰ. ਪੀ. ਐੱਫ. ਜਵਾਨ ਉਨ੍ਹਾਂ ਵੱਲ ਗਏ ਤਾਂ ਦੋ ਨੌਜਵਾਨ ਹਨੇਰੇ ਦਾ ਫਾਇਦਾ ਚੁੱਕ ਕੇ ਭੱਜ ਗਏ ਤੇ ਤੀਜੇ ਨੂੰ ਉਨ੍ਹਾਂ ਨੇ ਦਬੋਚ ਲਿਆ।
ਆਰ. ਪੀ. ਐੱਫ. ਜਵਾਨਾਂ ਨੇ ਜਦੋਂ ਪਟੜੀ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਰੇਲਵੇ ਪਟੜੀ ਦੇ ਦੋ ਜੋੜ ਖੁੱਲ੍ਹੇ ਵੇਖ ਕੇ ਤੁਰੰਤ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ਸ਼ਤਾਬਦੀ ਤੇ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਟਰੇਨਾਂ ਨੂੰ ਰੋਕਣ ਲਈ ਰੇਲਵੇ ਵਿਭਾਗ ਨੂੰ ਅਲਰਟ ਜਾਰੀ ਕੀਤਾ।
ਪਟੜੀ ਦੇ ਜੋੜ ਖੁੱਲ੍ਹੇ ਹੋਣ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਤੁਰੰਤ ਇੰਜੀਨੀਅਰਿੰਗ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ। ਇਸ ਦੌਰਾਨ ਦਿੱਲੀ ਤੇ ਚੰਡੀਗੜ੍ਹ ਤੋਂ ਆਉਣ-ਜਾਣ ਵਾਲੀਆਂ ਟਰੇਨਾਂ ਨੂੰ ਰਸਤੇ 'ਚ ਹੀ ਰੋਕ ਦਿੱਤਾ ਗਿਆ। ਇੰਜੀਨੀਅਰਿੰਗ ਟੀਮ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਖੁੱਲ੍ਹੇ ਜੋੜ ਬੰਦ ਕੀਤੇ, ਉਥੇ ਹੀ ਆਰ. ਪੀ. ਐੱਫ. ਟੀਮ ਵਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਮੁਬਾਰਕਪੁਰ ਵਾਸੀ ਸਲੀਮ ਦੇ ਰੂਪ 'ਚ ਹੋਈ। ਆਰ. ਪੀ. ਐੱਫ. ਟੀਮ ਨੇ ਸਲੀਮ ਨੂੰ ਅੰਬਾਲਾ ਕੋਰਟ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਉਥੇ ਹੀ ਆਰ. ਪੀ. ਐੱਫ. ਮਾਮਲੇ 'ਚ ਫਰਾਰ ਮੁਬਾਰਕਪੁਰ ਵਾਸੀ ਰੋਹਿਤ ਤੇ ਬਬਲੂ ਦੀ ਭਾਲ ਕਰ ਰਹੀ ਹੈ।
ਪੈਟ੍ਰੋਲਿੰਗ ਦੌਰਾਨ ਰੇਲਵੇ ਟਰੈਕ ਨੇੜੇ ਦਿਖਿਆ ਮੋਟਰਸਾਈਕਲ
ਆਰ. ਪੀ. ਐੱਫ. ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਰਾਤ 7 ਵਜੇ ਰੁਟੀਨ ਚੈਕਿੰਗ ਦੌਰਾਨ ਜਦੋਂ ਟੀਮ ਚੰਡੀਗੜ੍ਹ-ਘੱਗਰ ਵਿਚਕਾਰ ਕਿਲੋਮੀਟਰ 232/12 ਨੇੜੇ ਪਹੁੰਚੀ ਤਾਂ ਉਥੇ ਇਕ ਮੋਟਰਸਾਈਕਲ ਰੇਲਵੇ ਟਰੈਕ ਨੇੜੇ ਖੜ੍ਹਾ ਸੀ। ਇਸ ਤੋਂ ਬਾਅਦ ਆਰ. ਪੀ. ਐੱਫ. ਦੇ ਜਵਾਨਾਂ ਨੇ ਟਰੈਕ ਦੀ ਚੈਕਿੰਗ ਕੀਤੀ ਤਾਂ ਉਥੇ ਦੋ ਜੋੜ ਖੁੱਲ੍ਹੇ ਦਿਖਾਈ ਦਿੱਤੇ, ਜਿਸਦੀ ਸੂਚਨਾ ਰੇਲਵੇ ਸਟੇਸ਼ਨ 'ਤੇ ਦਿੱਤੀ ਗਈ ਤੇ ਟਰੈਕ ਨੇੜੇ ਖੜ੍ਹੇ ਮੋਟਰਸਾਈਕਲ ਨੰਬਰ ਐੱਚ. ਆਰ. 54-9783 ਸਮੇਤ ਮੁਬਾਰਕਪੁਰ ਵਾਸੀ ਸਲੀਮ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂਕਿ ਹਨੇਰੇ ਦਾ ਫਾਇਦਾ ਚੁੱਕ ਕੇ ਰੋਹਿਤ ਤੇ ਬਬਲੂ ਫਰਾਰ ਹੋ ਗਏ।ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਦੋ ਜੁਆਇੰਟਰ ਫੜੇ ਗਏ ਹਨ। ਇਸਦੇ ਨਾਲ ਹੀ ਮੋਟਰਸਾਈਕਲ ਨੂੰ ਵੀ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਲੀਮ ਨੂੰ ਕੋਰਟ 'ਚ ਪੇਸ਼ ਕਰਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਤੇ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਟਰੈਕ ਤੋਂ ਪਹਿਲੀ ਟਰੇਨ ਲੰਘਣੀ ਸੀ ਸ਼ਤਾਬਦੀ
ਜੇਕਰ ਮੁਲਜ਼ਮ ਚੰਡੀਗੜ੍ਹ-ਘੱਗਰ ਵਿਚਕਾਰ ਰੇਲਵੇ ਟਰੈਕ ਦੇ ਜੋੜ ਖੋਲ੍ਹ ਕੇ ਫਰਾਰ ਹੋ ਜਾਂਦੇ ਤਾਂ ਚੰਡੀਗੜ੍ਹ 'ਚ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਇਹ ਘਟਨਾ ਲਗਭਗ 7 ਵਜੇ ਦੀ ਹੈ ਤੇ ਇਸ ਦੌਰਾਨ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ਸ਼ਨੀਵਾਰ ਦੀ ਪਹਿਲੀ ਟਰੇਨ ਰਾਤ ਸਮੇਂ ਸ਼ਤਾਬਦੀ ਹੁੰਦੀ ਹੈ ਪਰ ਆਰ. ਪੀ. ਐੱਫ. ਦੀ ਚੌਕਸੀ ਨਾਲ ਵੱਡਾ ਹਾਦਸਾ ਟਲ ਗਿਆ। ਉਥੇ ਹੀ ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਤੋਂ ਲਖਨਊ ਲਈ ਸਦਭਾਵਨਾ ਐਕਸਪ੍ਰੈੱਸ ਰੇਲਵੇ ਸਟੇਸ਼ਨ ਤੋਂ 9.10 ਵਜੇ ਜਾਣ ਵਾਲੀ ਪਹਿਲੀ ਟਰੇਨ ਸੀ, ਅਜਿਹੇ 'ਚ ਆਰ. ਪੀ. ਐੱਫ. ਦੇ ਜਵਾਨਾਂ ਨੇ ਵੱਡਾ ਹਾਦਸਾ ਹੋਣ ਤੋਂ ਬਚਾਅ ਲਿਆ।
ਜੋੜ ਲਾਉਣ 'ਚ ਲੱਗਾ ਅੱਧਾ ਘੰਟਾ
ਰੇਲਵੇ ਟਰੈਕ ਦੇ ਜੋੜ ਖੁੱਲ੍ਹੇ ਹੋਣ ਦੀ ਸੂਚਨਾ ਜਦੋਂ ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਉਨ੍ਹਾਂ ਦੇ ਹੋਸ਼ ਹੀ ਉਡ ਗਏ। ਸੂਤਰਾਂ ਮੁਤਾਬਕ ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਦੇ ਕਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਵਿਭਾਗ ਦੇ ਕਰਮਚਾਰੀਆਂ ਨੇ ਜੋੜਾਂ ਨੂੰ ਅੱਧੇ ਘੰਟੇ 'ਚ ਠੀਕ ਕਰ ਦਿੱਤਾ। ਇਸ ਤੋਂ ਬਾਅਦ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ।


Related News