ਚੋਰਾਂ ਨੇ ਤਿੰਨ ਦੁਕਾਨਾਂ ''ਚ ਸੰਨ੍ਹ ਲਾ ਕੇ ਪੁਲਸ ਨੂੰ ਦਿੱਤੀ ਚੁਣੌਤੀ

02/10/2018 8:01:09 AM

ਸਮਰਾਲਾ (ਬੰਗੜ, ਗਰਗ) - ਸਮਰਾਲਾ ਦੇ ਮੁੱਖ ਬਾਜ਼ਾਰਾਂ ਵਿਚ ਤਿੰਨ ਚੋਰੀਆਂ ਕਰਕੇ ਚੋਰਾਂ ਨੇ ਵੀਰਵਾਰ ਦੀ ਰਾਤ ਆਪਣੇ ਨਾਂ ਕਰ ਲਈ ਤੇ ਪੁਲਸ ਪਹਿਲਾਂ ਦੀ ਤਰ੍ਹਾਂ ਘਟਨਾ ਸਥਾਨਾਂ ਦਾ ਜਾਇਜ਼ਾ ਲੈਂਦੀ ਰਹਿ ਗਈ। ਬੇਖੌਫ ਚੋਰਾਂ ਨੇ ਲੰਮੇ ਸਮੇਂ ਤੋਂ ਚੋਰੀਆਂ ਕਰਨ ਦਾ ਸਿਲਸਿਲਾ ਜਾਰੀ ਰੱਖਦਿਆਂ ਸਮਰਾਲਾ ਪੁਲਸ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਖੰਨਾ ਰੋਡ 'ਤੇ ਮਨੀ ਟ੍ਰਾਂਸਫਰ ਦੇ ਦਫਤਰ ਜੈ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ ਨੂੰ ਚੋਰਾਂ ਨੇ ਦੂਜੀ ਵਾਰ ਨਿਸ਼ਾਨਾ ਬਣਾਉਂਦਿਆਂ 16 ਹਜ਼ਾਰ ਦੀ ਨਕਦੀ ਤੇ ਦਫਤਰ 'ਚ ਲਾਏ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਚੋਰੀ ਕਰ ਲਿਆ।  ਦੁਕਾਨ ਮਾਲਕ ਦੀਪਕ ਖੁੱਲਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਦਫਤਰ 'ਚ ਪੁੱਜਾ ਤਾਂ ਪਤਾ ਲੱਗਾ ਕਿ ਦਫਤਰ ਨੂੰ ਪਿੱਛੇ ਦੀ ਕੰਧ ਤੋਂ ਪਾੜ ਲਾਇਆ ਗਿਆ ਸੀ ਤੇ ਦਫਤਰ ਦੇ ਅੰਦਰ ਸਾਮਾਨ ਵੀ ਖਿਲਾਰਿਆ ਹੋਇਆ ਸੀ। ਚੋਰਾਂ ਨੇ ਦਫਤਰ ਦੇ ਪਿਛਲੇ ਪਾਸੇ ਤੋਂ ਪਹਿਲਾਂ ਇਕ ਖਾਲੀ ਪਈ ਦੁਕਾਨ ਨੂੰ ਪਾੜ ਲਾਇਆ, ਉਸ ਵਿਚ ਦਾਖਲ ਹੋਣ ਤੋਂ ਬਾਅਦ ਦਫਤਰ ਵਾਲੀ ਕੰਧ ਨੂੰ ਸੰਨ੍ਹ ਲਾਈ ਗਈ। ਦੁਕਾਨਾਂ ਦੇ ਪਿੱਛੇ ਖਾਲੀ ਪਏ ਪਲਾਟ ਵਿਚੋਂ ਚੋਰਾਂ ਨੇ ਦਸਤਕ ਦਿੱਤੀ, ਜਿਥੇ ਦਫਤਰ 'ਚ ਪਏ ਇਕ ਗਰਮ ਕੰਬਲ ਨੂੰ ਖਾਲੀ ਪਲਾਟ ਵਿਚੋਂ ਚੁੱਕਿਆ ਗਿਆ, ਜਿਸ ਤੋਂ ਪਤਾ ਲਗਦਾ ਹੈ ਕਿ ਇਕ ਚੋਰ ਕੰਬਲ ਲੈ ਕੇ ਚੋਰੀ ਦੌਰਾਨ ਹਾਲਾਤ ਦੀ ਨਿਗਰਾਨੀ ਕਰਦਾ ਰਿਹਾ।
ਦੀਪਕ ਖੁੱਲਰ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਵੀ ਚੋਰਾਂ ਨੇ ਰਾਤ ਮੌਕੇ ਦਫਤਰ 'ਚ ਸੰਨ੍ਹ ਲਾ ਕੇ ਇਥੋਂ ਨਕਦੀ ਚੋਰੀ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਉਦੋਂ ਚੋਰ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਏ ਸਨ ਪਰ ਪੁਲਸ ਵਲੋਂ ਕੋਈ ਕਾਰਵਾਈ ਕੀਤੀ ਗਈ ਸੀ। ਇਥੋਂ ਤਕ ਕਿ ਐੱਫ. ਆਈ. ਆਰ. ਵੀ ਦਰਜ ਨਹੀਂ ਹੋਈ ਸੀ। ਮੌਕੇ 'ਤੇ ਪੁੱਜੀ ਪੁਲਸ ਦੇ ਨਾਲ ਫਿੰਗਰ ਪ੍ਰਿੰਟ ਐਕਸਪਰਟ ਦਾ ਅਮਲਾ ਵੀ ਪਹੁੰਚ ਗਿਆ।
ਇਸੇ ਤਰ੍ਹਾਂ ਇਥੋਂ ਦੇ ਗੁਰੂ ਨਾਨਕ ਰੋਡ ਵਿਖੇ ਮੁਹੰਮਦ ਜੂਵੈਰ ਪੰਸਾਰੀ ਵਾਲੀ ਦੁਕਾਨ ਦੇ ਮਾਲਕ ਨੇ ਦੱਸਿਆ ਹੈ ਕਿ ਉਹ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਤੇ ਦੂਜੇ ਦਿਨ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਉਸਦੀ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਉਹ ਦੁਕਾਨ ਦੇ ਅੰਦਰ ਦਾਖਲ ਹੋਇਆ ਤਾਂ ਦੇਖਿਆ ਕਿ ਗੱਲੇ 'ਚ ਪਈ ਨਗਦੀ ਗਾਇਬ ਸੀ।
ਚਲਾ ਜਾ ਨਹੀਂ ਤਾਂ ਮਾਰ ਦਿਆਂਗੇ
ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਏਰੀਏ 'ਚ ਰਾਤ ਸਮੇਂ ਪਹਿਰਾ ਦੇਣ ਵਾਲੇ ਚੌਕੀਦਾਰ ਨੂੰ ਚੋਰਾਂ ਨੇ ਕਿਹਾ ਕਿ ਇਥੋਂ ਚਲਾ ਜਾ, ਨਹੀਂ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ, ਜਿਸ 'ਤੇ ਉਹ ਚੌਕੀਦਾਰ ਉਥੋਂ ਚਲਾ ਗਿਆ।  ਇਕ ਹੋਰ ਮਾਮਲੇ 'ਚ ਆਈ. ਟੀ. ਆਈ. ਸਮਰਾਲਾ ਨੇੜੇ ਹਰਬੰਸ ਲਾਲ ਪੁੱਤਰ ਚਰਨ ਦਾਸ ਨੇ ਵੀ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਕਰਿਆਨੇ ਦੀ ਦੁਕਾਨ ਬੰਦ ਕਰਕੇ ਘਰ ਨੂੰ ਚਲਾ ਗਿਆ, ਜਦੋਂ ਉਸਨੇ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਸੀ। ਜਦੋਂ ਉਹ ਦੁਕਾਨ ਅੰਦਰ ਦਾਖਲ ਹੋਇਆ ਤਾਂ ਦੇਖਿਆ ਕਿ ਉਸਦੇ ਗੱਲੇ 'ਚੋਂ 1000 ਰੁਪਏ ਦੀ ਭਾਨ ਤੇ ਸਿਗਰੇਟਾਂ ਗਾਇਬ ਸਨ। ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਹੋਈਆਂ ਚੋਰੀਆਂ ਸਬੰਧੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਆਲੇ-ਦੁਆਲੇ ਦੀਆਂ ਦੁਕਾਨਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦੱਸੋ ਜੀ ਭਲਾ ਪੀ. ਸੀ. ਆਰ. ਦਸਤੇ ਕਿਸ ਕੰਮ ਦੇ?
ਕੁਝ ਹਫਤਿਆਂ ਤੋਂ ਇਲਾਕੇ 'ਚ ਚੋਰਾਂ-ਲੁਟੇਰਿਆਂ ਦੀਆਂ ਸਰਗਰਮੀਆਂ ਵਿਚ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦਿਨ-ਦਿਹਾੜੇ ਤੇ ਰਾਤ ਨੂੰ ਰਾਹਗੀਰਾਂ ਦੀ ਲੁੱਟ-ਖਸੁੱਟ ਤੇ ਔਰਤਾਂ ਦੀਆਂ ਵਾਲੀਆਂ ਤੇ ਚੇਨਾਂ ਖੋਹਣ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋਇਆ ਹੈ। ਬਾਜ਼ਾਰ ਵਿਚ ਚੋਰੀਆਂ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਪੀ. ਸੀ. ਆਰ. ਦਸਤਿਆਂ ਦਾ ਬੁਰੀ ਤਰ੍ਹਾਂ ਫੇਲ ਹੋਣਾ ਸਪੱਸ਼ਟ ਹੋ ਚੁੱਕਾ ਹੈ।  ਥਾਣਾ ਸਮਰਾਲਾ ਤੋਂ ਰਾਤ ਸਮੇਂ ਤਿੰਨ ਪੀ. ਸੀ. ਆਰ. ਦਸਤੇ ਆਪੋ-ਆਪਣੀਆਂ ਸਰਕਾਰੀ ਗੱਡੀਆਂ ਵਿਚ ਡਿਊਟੀ ਲਈ ਨਿਕਲਦੇ ਹਨ। ਇਕ ਦਸਤਾ ਬੀਜਾ ਰੋਡ, ਇਕ ਪਿੰਡ ਮਹਿਦੂਦਾਂ ਵਾਲੇ ਪਾਸੇ ਤੇ ਇਕ ਮੁੱਖ ਬਾਜ਼ਾਰ ਦੀ ਨਿਗਰਾਨੀ ਲਈ ਨਿਯੁਕਤ ਹੈ। ਦੂਜੇ ਪਾਸੇ ਪੁਲਸ ਚੌਕੀ ਹੇਡੋਂ ਤੇ ਬਰਧਾਲਾਂ ਵਲੋਂ ਵੀ ਇਕ-ਇਕ ਦਸਤਾ ਨਿਗਰਾਨੀ ਲਈ ਭੇਜਿਆ ਜਾਂਦਾ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਪੰਜ ਪੀ. ਸੀ. ਆਰ. ਦਸਤਿਆਂ ਦੀ ਨਿਗਰਾਨੀ ਦੇ ਬਾਵਜੂਦ ਵੀ ਇਲਾਕੇ ਵਿਚ ਲੁਟੇਰੇ ਤੇ ਚੋਰ ਕਿਵੇਂ ਚੋਰੀਆਂ ਕਰ ਰਹੇ ਹਨ।


Related News